ਗੁਰਦੁਆਰਾ ਦਮਦਮਾ ਸਾਹਿਬ ਰਾਸ਼ਟਰੀ ਮਾਰਗ ਜਲੰਧਰ-ਪਠਾਨਕੋਟ ਤੇ ਜ਼ਿਲਾ ਹਸ਼ਿਆਰਪੁਰ ਦੇ ਬਲਾਕ ਦਸੂਹਾ ਤੋਂ ੬ ਕਿਲੋਮੀਟਰ ਦੂਰ ਪਿੰਡ ਉੱਚੀ ਬੱਸੀ ਦੀ ਜੂਹ ਅੰਦਰ ਸੁਸ਼ੋਭਿਤ ਹੈ।ਇਸ ਸਥਾਨ ਨੰੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ।ਗੁਰੂ ਸਾਹਿਬ ਆਪਣੇ ਚੋਣਵੇਂ ੨੨੦੦ ਘੋੜ ਸਵਾਰ ਸਿੱਖ ਯੋਧਿਆਂ ਸਮੇਤ ਦੁਆਬੇ ਵਿੱਚ ਧਰਮ ਪ੍ਰਚਾਰ ਯਾਤਰਾ ਦੌਰਾਨ ਕਰਤਾਰਪੁਰ ਤੋਂ ਚੱਲ ਕੇ ਮਿਆਣੀ,ਟਾਂਡਾ,ਮੂਨਕਾਂ ਅਤੇ ਗਰਨਾ ਸਾਹਿਬ (ਬੋਦਲਾਂ) ਆਦਿ ਪਿੰਡਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਸੰਨ ੧੬੮੫ ਈਸਵੀ ਵਿੱਚ ਇੱਥੇ ਆਏ ਸਨ।ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਨ ਲਈ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਅਸਥਾਨ ਤੇ ਇਕੱਤਰ ਹੋਣ ਲੱਗੀਆਂ।ਗੁਰੂ ਸਾਹਿਬ ਨੇ ਇੱਥੇ ਤਿੰਨ ਦਿਨ ਵਿਸਰਾਮ ਕੀਤਾ ਅਤੇ ਇਲਾਹੀ ਗੁਰਬਾਣੀ ਦੇ ਪ੍ਰਵਾਹ ਚਲਾਏ।ਫਿਰ ਗੁਰੂ ਸਾਹਿਬ ਇੱਥੋਂ ਚੱਲ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਮੁਕੇਰੀਆਂ,ਨੌਸ਼ਹਿਰਾ ਪੱਤਣ ਤੋਂ ਬਿਆਸ ਦਰਿਆ ਨੂੰ ਪਾਰ ਕਰਦੇ ਹੋਏ ਸ੍ਰੀ ਹਰਿਗੋਬਿੰਦਪੁਰ ਚਲੇ ਗਏ।ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗਲ ਫੌਜਾਂ ਵਿਚਕਾਰ ਜ਼ਬਰਦਸਤ ਯੁੱਧ ਹੋਇਆ,ਜਿਸ ਵਿੱਚ ਗੁਰੂ ਸਾਹਿਬ ਨੇ ਸ਼ਾਨਦਾਰ ਫਤਿਹ ਹਾਸਿਲ ਕੀਤੀ।ਗੁਰੂ ਸਾਹਿਬ ਜੀ ਵਲੋਂ ਇਸ ਸਥਾਨ 'ਤੇ ਦਮ ਲੈਣ (ਅਰਾਮ ਕਰਨ) ਲਈ ਰੁਕਣ ਕਾਰਨ ਇਸ ਸਥਾਨ ਦਾ ਨਾਂ ਦਮਦਮਾ ਸਾਹਿਬ ਪੈ ਗਿਆ।ਇੱਥੇ ਪੜਾਅ ਕਰਨ ਸਮੇਂ ਗੁਰੂ ਸਾਹਿਬ ਨੇ ਜਿਸ ਬੇਰੀ ਦੇ ਦਰੱਖਤ ਨਾਲ ਆਪਣਾ ਘੋੜਾ ਬੰਨਿਆ ਸੀ,ਬੇਰੀ ਦਾ ਉਹ ਦਰੱਖਤ ਅੱਜ ਵੀ ਹਰਿਆ ਭਰਿਆ ਮੌਜੂਦ ਹੈ।ਮੁਗਲ ਹਕੂਮਤ ਸਮੇਂ ਜਿਸ ਪ੍ਰਕਾਰ ਹੋਰ ਬਹੁਤ ਸਾਰੇ ਮੰਦਰਾਂ ਨੂੰ ਢਾਹ ਕੇ ਮਸੀਤਾਂ ਬਣਾ ਦਿੱਤੀਆਂ ਗਈਆਂ ਠੀਕ ਉਸੇ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਨੂੰ ਢਾਹ ਕੇ ਇੱਕ ਮੁਸਲਮਾਨ ਫਕੀਰ ਦਾ ਤਕੀਆ ਬਣਾ ਦਿੱਤਾ ਗਿਆ।ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਨੇ ਇਕੱਤਰ ਹੋ ਕੇ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਾਲਿਆਂ ਪਾਸ ਇਸ ਇਤਿਹਾਸਕ ਸਥਾਨ ਨੂੰ ਮੁੜ ਪ੍ਰਗਟ ਕਰਨ ਸਬੰਧੀ ਬੇਨਤੀ ਕੀਤੀ।ਇਸ ਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਇਸ ਸਥਾਨ ਨੂੰ ਜਥੇਬੰਦੀ ਦੇ ਪ੍ਰਬੰਧ ਹੇਠਾਂ ਲੈ ਕੇ ਸਭ ਤੋਂ ਪਹਿਲਾਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਰਹਿਤ ਮਰਿਯਾਦਾ ਲਾਗੂ ਕਰਵਾਈ।ਇਸ ਸਥਾਨ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਨੂੰ ਵੇਖਦਿਆਂ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਸਾਲਾਨਾ ਜੋੜ ਮੇਲੇ ਵਜੋਂ ਭਾਰੀ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ।ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜੱਥੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕਰਵਾ ਕੇ ਸ਼ਬਦ ਗੁਰੂ ਨਾਲ ਜੋੜਦੇ ਹਨ।ਇਸ ਮੌਕੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵਲੋਂ ਘੋੜ ਦੌੜ ਅਤੇ ਗਤਕੇਬਾਜ਼ੀ ਦੇ ਜੌਹਰ ਵੀ ਦਿਖਾਏ ਜਾਂਦੇ ਹਨ।