ਗੁਰਦੁਆਰਾ ਸਾਹਿਬ ਦੀ ਜਾਣਕਾਰੀ
ਗੁਰਦੁਆਰਾ ਹਰਿ ਫੁਲਵਾੜੀ ਸਾਹਿਬ (ਡੱਬਰੀ)
ਗੁਰਦੁਆਰਾ ਹਰਿ ਫੁਲਵਾੜੀ ਸਾਹਿਬ ਡੱਬਰੀ ਸ਼ਾਂਤੀ ਦੇ ਪੁੰਜ ਬ੍ਰਹਮ ਗਿਆਨੀ ਸੰਤ ਬਾਬਾ ਉਦੈ ਸਿੰਘ ਜੀ ਮੁਖਲਿਆਣੇ ਵਾਲਿਆਂ ਦਾ ਤਪ ਅਸਥਾਨ ਹੈ।ਗੁਰਬਾਣੀ ਦਾ ਪਾਵਨ ਫੁਰਮਾਨ ਹੈ, "ਜਿਨਾ ਸਾਸਿ ਗਿਰਾਸਿ ਨਾ ਵਿਸਰੈ,ਹਰਿ ਨਾਮਾ ਮਨਿ ਮੰਤ॥ਧੰਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ॥ ਸੰਤ ਮਹਾਂਪੁਰਸ਼ ਸਮਾਜ ਦਾ ਉਹ ਧੁਰਾ ਹੁੰਦੇ ਹਨ,ਜਿਨ੍ਹਾਂ ਦੁਆਲੇ ਸਮੁੱਚੀ ਕਾਇਨਾਤ ਘੁੰਮਦੀ ਹੈ।ਇਸ ਫਾਨੀ ਸੰਸਾਰ ਅੰਦਰ ਸਮੇਂ ਸਮੇਂ ਦੌਰਾਨ ਅਣਗਿਣਤ ਸੰਤ ਮਹਾਂਪੁਰਸ਼ਾਂ ਨੇ ਅਵਤਾਰ ਧਾਰਿਆ ਜਿਨ੍ਹਾਂ ਸਮੁੱਚੀ ਮਾਨਵਤਾ ਨੂੰ ਨਾਮ ਸਿਮਰਨ ਨਾਲ ਜੋੜ ਕੇ ਇਸ ਦੁਨਿਆਵੀ ਸੰਸਾਰ ਤੋਂ ਪਾਰ ਲਗਾਇਆ।ਅਜਿਹੇ ਹੀ ਵਿਚਾਰਾਂ ਦੇ ਧਾਰਨੀ ਸਨ, ਬ੍ਰਹਮ ਗਿਆਨੀ ਸੰਤ ਬਾਬਾ ਉਦੈ ਸਿੰਘ ਜੀ ਦਾ ਜਨਮ ੧੮੪੩ ਈਸਵੀ ਵਿੱਚ ਪਿਤਾ ਸਰਦਾਰ ਕੇਸਰ ਸਿੰਘ ਜੀ ਦੇ ਗ੍ਰਹਿ ਪਿੰਡ ਨੰਗਲ ਖੂੰਗਾ ਜ਼ਿਲਾ੍ਹ ਹੁਸ਼ਿਆਰਪੁਰ ਵਿੱਚ ਹੋਇਆ।ਗੁਰੂ ਘਰ ਦੇ ਪ੍ਰੇਮੀ ਅਤੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਲੇ ਸੰਤ ਬਾਬਾ ਉੁਦੈ ਸਿੰਘ ਜੀ ਹਮੇਸ਼ਾਂ ਜੀਵਾਂ ਦਾ ਗਿਆਨ ਰੂਪੀ ਬੁਝਿਆ ਦੀਪ ਜਗਾ ਕੇ ਉਨ੍ਹਾਂ ਦਾ ਜੀਵਨ ਨੂਰੋ ਨੂਰ ਕਰਨ ਲਈ ਤੱਤਪਰ ਰਹਿੰਦੇ ਸਨ।ਆਪ ਜੀ ਨੇ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਭਗਵਾਨ ਸਿੰਘ ਜੀ ਦੀ ਸੰਗਤ ਵਿੱਚ ਜਾ ਕੇ ਗੁਰਬਾਣੀ ਦੀ ਸੰਥਿਆ ਗ੍ਰਹਿਣ ਕੀਤੀ।ਆਪ ਜੀ ਨੇ ਆਪਣਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸਤਿਕਾਰ, ਨਾਮ ਸਿਮਰਨ, ਗੁਰਬਾਣੀ ਦਾ ਪ੍ਰਚਾਰ ਅਤੇ ਗਰੀਬ ਬੇਸਹਾਰਿਆਂ ਦੀ ਸੇਵਾ ਕਰਨ ਨੂੰ ਸਮਰਪਿਤ ਕੀਤਾ ਹੋਇਆ ਸੀ।ਗੁਰਦੁਆਰਾ ਹਰਿ ਫੁਲਵਾੜੀ ਸਾਹਿਬ ਵਿਖੇ ਆਪ ਜੀ ਪਾਸ ਅਨੇਕਾਂ ਸੰਤ ਮਹਾਂਪੁਰਸ਼,ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ,ਸੰਤ ਬਾਬਾ ਘਨ੍ਹਈਆ ਸਿੰਘ ਜੀ ਪਠਵਾਲੇ ਵਾਲੇ,ਸੰਤ ਬਾਬਾ ਫੂਲਾ ਸਿੰਘ ਜੀ (ਨਿਹੰਗ ਸਿੰਘ) ਤਨੂੰਲੀ ਵਾਲੇ ਅਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਆਦਿ ਅਕਸਰ ਆਇਆ ਕਰਦੇ ਸਨ। ਸੰਤ ਬਾਬਾ ਉਦੈ ਸਿੰਘ ਜੀ ਨੇ ਆਪਣੇ ਅੰਤਿਮ ਸਵਾਸਾਂ ਤੱਕ ਗੁਰਬਾਣੀ ਦੇ ਸ਼ੁੱਧ ਉਚਾਰਣ, ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਦੇਸ਼ ਭਰ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ।ਗੁਰਬਾਣੀ ਦੀਆਂ ਪਾਵਨ ਪੰਕਤੀਆਂ, "ਸੂਰਜ ਕਿਰਣਿ ਮਿਲੇ ਜਲੁ ਕਾ ਜਲੁ ਹੂਆ ਰਾਮ॥ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ॥" ਦੇ ਅਨੁਸਾਰ ੧੧੦ ਸਾਲ ਦੀ ਉਮਰ ਵਿੱਚ ਗੁਰਮਤਿ ਪ੍ਰਚਾਰ ਦੀਆਂ ਕਿਰਨਾਂ ਦੁਆਰਾ ਮਨੁੱਖਤਾ ਨੂੰ ਰੁਸ਼ਨਾaੁਂਦੇ ਹੋਏ ਸੰਨ ੧੯੫੩ ਈਸਵੀ ਵਿੱਚ ਮਾਘ ਦੀ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤ ਵੇਲੇ ਸੱਚਖੰਡ ਜਾ ਬਿਰਾਜੇ। ਜਿਸ ਅਸਥਾਨ 'ਤੇ ਸੰਤ ਬਾਬਾ ਉਦੈ ਸਿੰਘ ਜੀ ਬੈਠ ਕੇ ਉਸ ਅਕਾਲ ਪੁਰਖ ਦੀ ਅਰਾਧਨਾ ਕਰਿਆ ਕਰਦੇ ਸਨ, ਅੱਜ ਉਸ ਸਥਾਨ 'ਤੇ ਗੁਰਦੁਆਰਾ ਹਰਿ ਫੁਲਵਾੜੀ ਸਾਹਿਬ ਸੁਸ਼ੋਭਿਤ ਹੈ ਜੋ ਇਲਾਕੇ ਵਿੱਚ ਗੁਰਸਿੱਖੀ ਅਤੇ ਰੂਹਾਨੀਅਤ ਦੀ ਮਹਿਕ ਵਿਖੇਰ ਰਿਹਾ ਹੈ।ਗੁਰਦੁਆਰਾ ਹਰਿ ਫੁਲਵਾੜੀ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਵਲੋਂ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।ਇਸ ਸਮੇਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ।ਇੱਥੇ ਹਰ ਸਾਲ ਜੱਥੇਬੰਦੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਉਦੈ ਸਿੰਘ ਜੀ ਦੀ ਬਰਸੀ ਮਾਘ ਦੀ ਪੁੰਨਿਆ ਨੰੂੰ, ਸੰਤ ਬਾਬਾ ਮਹਾਰਾਜ ਸਿੰਘ ਜੀ ਦੀ ਬਰਸੀ ੨੭ ਫੱਗਣ ਨੂੰ ਅਤੇ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਦਿਹਾੜਾ ੨੭ ਵਿਸਾਖ ਨੂੰ ਸਾਲਾਨਾ ਸਮਾਗਮ ਵਜੋਂ ਮਨਾਇਆ ਜਾਂਦਾ ਹੈ। ਗੁਰਦੁਆਰਾ ਹਰਿ ਫੁਲਵਾੜੀ ਸਾਹਿਬ ਜੀ ਦੇ ਦਰਸ਼ਨਾਂ ਲਈ ਇਲਾਕੇ ਭਰ ਤੋਂ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਹੁੰਮ ਹੁੰਮਾ ਕੇ ਆਉਂਦੀਆਂ ਹਨ।
ਸੰਪਰਕ
ਹੋਰ ਗੁਰਦੁਆਰਾ ਸਾਹਿਬ
ਗੁਰਦੁਆਰਾ ਹਰੀਆਂ ਵੇਲਾਂ
ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀ, ਪਿੰਡ ਬਜਰੌਰ
ਗੁਰਦੁਆਰਾ ਟਾਹਲੀ ਸਾਹਿਬ
ਗੁਰਦੁਆਰਾ ਟਾਹਲੀ ਸਾਹਿਬ, ਪਿੰਡ ਮੂਣਕ ਕਲਾਂ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ, ਪਿੰਡ ਟੂਟੋਮਜਾਰਾ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ, ਪਿੰਡ ਕੰਗਮਾਈ
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਉੱਚੀ ਬੱਸੀ
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਚੱਕ ਸਿੰਘਾਂ
© 2024 Copyright Harian Belan , Inc. All Rights Reserved


Developed by GS Solutions