ਗੁਰਦੁਆਰਾ ਦਮਦਮਾ ਸਾਹਿਬ ਦੀ ਧਰਤੀ ਨੂੰ ਇਸ ਗੱਲ ਦਾ ਸੁਭਾਗ ਪ੍ਰਾਪਤ ਹੈ ਕਿ ਇਸ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਾਵਨ ਚਰਨ ਪਾ ਕੇ ਪਵਿੱਤਰ ਕੀਤਾ।ਗੁਰਦੁਆਰਾ ਦਮਦਮਾ ਸਾਹਿਬ ਜਿਲ੍ਹਾ ਨਵਾਂ ਸ਼ਹਿਰ ਅੰਦਰ ਤਹਿਸੀਲ ਗੜ੍ਹਸ਼ੰਕਰ ਦੇ ਲਹਿੰਦੇ ਪਾਸੇ ਸੱਤ ਕਿਲੋਮੀਟਰ ਦੂਰ ਪਿੰਡ ਚੱਕ ਸਿੰਘਾਂ ਦੀ ਜੂਹ ਅੰਦਰ ਸੁਸ਼ੋਭਿਤ ਹੈ।ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਸਮੇਂ ਨਵਾਂਸ਼ਹਿਰ,ਪਿੰਡ ਦੁਰਗਾਪੁਰਾ ਤੋਂ ਹੁੰਦੇ ਹੋਏ ੨੧ ਹਾੜ ੧੬੯੧ ਬਿਕਰਮੀ ਨੂੰ ਇਸ ਅਸਥਾਨ ਤੇ ਕੁਝ ਸਮਾਂ ਅਰਾਮ (ਦਮ ਲੈਣ ਲਈ) ਕਰਨ ਲਈ ਰੁਕੇ ਸਨ।ਇਸ ਕਰਕੇ ਇਸ ਅਸਥਾਨ ਦਾ ਨਾਂ ਦਮਦਮਾ ਸਾਹਿਬ ਪੈ ਗਿਆ।ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਪ੍ਰਚਾਰ ਯਾਤਰਾ ਦੌਰਾਨ ਆਪਣੇ ਮਹਿਲਾਂ ਸਤਿਕਾਰਯੋਗ ਮਾਤਾ ਗੁਜਰੀ ਜੀ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਸਹਿਤ ਬਾਬਾ ਬਕਾਲਾ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ, ਤਰਨ ਤਾਰਨ, ਸ੍ਰੀ ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਰਤਾਰਪੁਰ, ਜਲੰਧਰ, ਪਲਾਹੀ, ਹਕੀਮਪੁਰ, ਬੰਗਾਂ ਅਤੇ ਨਵਾਂ ਸ਼ਹਿਰ ਤੋਂ ਹੁੰਦੇ ਹੋਏ ੨੨ ਸਾਉਣ ੧੭੨੨ ਬਿਕਰਮੀ ਨੂੰ ਇਸ ਸਥਾਨ ਤੇ ਪੁੱਜੇ ਸਨ।ਇਸ ਤਰਾਂ ਦੋ ਸਿੱਖ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਸਿੱਖ ਸੰਗਤਾਂ ਵਿੱਚ ਭਾਰੀ ਮਹੱਤਤਾ ਹੈ।ਇਸ ਗੁਰਦੁਆਰੇ ਦਾ ਪ੍ਰਬੰਧ ਮਹੰਤਾਂ ਕੋਲ ਹੋਇਆ ਕਰਦਾ ਸੀ।ਮਹੰਤਾਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਮਨਮਤਿ ਕੀਤੀ ਜਾਂਦੀ ਸੀ।ਸੰਨ ੧੯੫੪ ਈਸਵੀ ਵਿੱਚ ਜਥੇਦਾਰ ਸੰਤ ਬਾਬਾ ਹਰਭਜਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਜਥੇਬੰਦੀ ਅਧੀਨ ਲੈ ਕੇ ਇੱਥੇ ਰਹਿਤ ਮਰਿਯਾਦਾ ਲਾਗੂ ਕਰਵਾਈ।ਲਗਭਗ ਅੱਠ ਏਕੜ ਜਮੀਨ ਵਿੱਚ ਫੈਲੇ ਇਸ ਗੁਰਧਾਮ ਦੀ ਇਮਾਰਤ ਦੂਰੋਂ ਹੀ ਸੰਗਤਾਂ ਲਈ ਖਿੱਚ ਦਾ ਕਾਰਨ ਬਣਦੀ ਹੈ। ਗੁਰਦੁਆਰਾ ਸਾਹਿਬ ਅੱਗੇ ਝੂਲ ਰਿਹਾ ੧੧੧ ਫੁੱਟ ਉੱਚਾ ਨਿਸ਼ਾਨ ਸਾਹਿਬ ਇਸ ਦੀ ਦੂਣੀ ਸ਼ਾਨ ਵਧਾਉਂਦਾ ਹੈ।ਤੜਕਸਾਰ ਗੁਰਦੁਆਰਾ ਸਾਹਿਬ ਤੋਂ ਹੁੰਦਾ ਇਲਾਹੀ ਗੁਰਬਾਣੀ ਦਾ ਜਾਪ ਅਤੇ ਪੰਛੀਆਂ ਦੀ ਚਹਿਚਹਾਟ ਮਨਾਂ ਅੰਦਰ ਮਿਠਾਸ ਘੋਲਦੀ ਹੈ।ਅੱਜ ਕੱਲ੍ਹ ਇਸ ਗੁਰਧਾਮ ਦੀ ਸੇਵਾ ਸੰਭਾਲ ਦਾ ਪ੍ਰਬੰਧ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਵਲੋਂ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।ਇੱਥੇ ਹਰ ਸਾਲ ਅਵਤਾਰ ਗੁਰਪੁਰਬ ਗੁਰੂ ਨਾਨਕ ਦੇਵ ਜੀ, ਅਵਤਾਰ ਗੁਰਪੁਰਬ ਗੁਰੂ ਗੋਬਿੰਦ ਸਿੰਘ ਜੀ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਲਾਨਾ ਸਮਾਗਮ ਵਜੋਂ ਮਨਾਇਆ ਜਾਂਦਾ ਹੈ।ਇਸ ਮੌਕੇ ਕੀਰਤਨ ਦੀਵਾਨ ਸਜਾਏ ਜਾਂਦੇ ਹਨ ਅਤੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਵਲੋਂ ਮਹੱਲਾ ਕੱਢਿਆ ਜਾਂਦਾ ਹੈ।ਜਿਸ ਵਿੱਚ ਨਿਹੰਗ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ ਅਤੇ ਨੇਜ਼ੇਬਾਜ਼ੀ ਆਦਿ ਦੇ ਕਰਤੱਵ ਦਿਖਾਉਂਦੇ ਹਨ।ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਦੀ ਸੇਵਾ ਵਾਸਤੇ ਲੰਗਰ ਅਤੇ ਰਿਹਾਇਸ਼ ਦਾ ਬਹੁਤ ਵਧੀਆ 'ਤੇ ਸਾਫ ਸੁਥਰਾ ਪ੍ਰਬੰਧ ਹੈ