ਮਿਸਲ ਸ਼ਹੀਦਾ ਤਰਨਾਂ ਦਲ ਹਰੀਆਂ ਵੇਲਾਂ ਜੱਥੇਬੰਦੀ ਦਾ ਜਿੱਥੇ ਗੁਰਸਿੱਖੀ ਦੇ ਪ੍ਰਚਾਰ, ਗੁਰਧਾਮਾਂ ਵਿੱਚ ਰਹਿਤ ਮਰਿਯਾਦਾ ਲਾਗੂ ਕਰਾਉਣ, ਲੋਕਾਂ ਦੀ ਸੋਚ ਨੂੰ ਵਿਕਸਿਤ ਕਰਕੇ ਵਹਿਮਾਂ-ਭਰਮਾਂ ਤੋਂ ਮੁਕਤੀ ਦਿਵਾਉਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਨੂੰ ਰੋਕਣ ਲਈ ਹਮੇਸ਼ਾ ਵੱਡਮੁੱਲਾ ਯੋਗਦਾਨ
ਰਿਹਾ ਹੈ,ਉੱਥੇ ਜਥੇਬੰਦੀ ਵਲੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਕਾਲਜ਼ ਫਾਰ ਵੋਮੈਨ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਅਣਮੁੱਲੇ ਯੋਗਦਾਨ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ।ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ 'ਤੇ ਲੜਕੀਆਂ ਦੀ ਸਿੱਖਿਆ ਨੂੰ ਮੁੱਖ
ਰੱਖਦਿਆਂ ਹੁਸ਼ਿਆਰਪੁਰ-ਗੜਸ਼ੰਕਰ ਸੜਕ ਤੇ ਪਿੰਡ ਚੱਬੇਵਾਲ (ਹੁਸ਼ਿਆਰਪੁਰ) ਵਿੱਚ ਉਸਾਰਿਆ ਗਿਆ, ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ਼ ਫਾਰ ਵੂਮੈਨ ਅੱਜ ਵਿੱਦਿਆ ਦਾ ਚਾਨਣ ਮੁਨਾਰਾ ਬਣ ਲੜਕੀਆਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਇਲਾਕੇ ਵਿੱਚ ਨਜ਼ਦੀਕ ਕੋਈ ਵੀ ਉੱਚ
ਸਿੱਖਿਆ ਕਾਲਜ਼ ਨਾ ਹੋਣ ਕਰਕੇ ਲੜਕੀਆਂ ਨੂੰ ਉਚੇਰੀ ਵਿੱਦਿਆ ਲਈ ਹੁਸ਼ਿਆਰਪੁਰ ਜਾਂ ਮਾਹਿਲਪੁਰ ਜਾਣਾ ਪੈਂਦਾ ਸੀ,ਜਿਸ ਕਾਰਨ ਜ਼ਿਆਦਾਤਰ ਲੜਕੀਆਂ ਪੜਾਈ ਵਿੱਚ ਹੀ ਛੱਡ ਦਿੰਦੀਆਂ ਸਨ।ਇਸ ਲਈ ਸੰਨ ੧੯੯੮ ਈਸਵੀ ਵਿੱਚ ਪਿੰਡ ਚੱਬੇਵਾਲ ਦੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਨੇ ਸੰਤ
ਬਾਬਾ ਨਿਹਾਲ ਸਿੰਘ ਜੀ ਪਾਸ ਕਾਲਜ਼ ਬਣਾਉਣ ਸਬੰਧੀ ਬੇਨਤੀ ਕੀਤੀ।ਲੜਕੀਆਂ ਦੀ ਸਿੱਖਿਆ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਮੰਨ ਲਿਆ ਅਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ਼ ਫਾਰ ਵੂਮੈਨ ਦੀ ਉਸਾਰੀ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ।ਕਾਲਜ਼ ਦੀ ਸਥਾਪਨਾ
ਲਈ ਸਾਢੇ ਅੱਠ ਏਕੜ ਜ਼ਮੀਨ ਪਿੰਡ ਚੱਬੇਵਾਲ ਦੀ ਪੰਚਾਇਤ ਵਲੋਂ ਦਿੱਤ ਗਈ ਅਤੇ ਸੱਤ ਏਕੜ ਦੇ ਕਰੀਬ ਜ਼ਮੀਨ ਬਾਬਾ ਜੀ ਵਲੋਂ ਮੁੱਲ ਖਰੀਦੀ ਗਈ।ਕਾਲਜ਼ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ੧੪ ਜੁਲਾਈ ੧੯੯੯ ਈਸਵੀ ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਵਿਦਿਅਕ ਸੁਸਾਇਟੀ ਦੀ ਸਥਾਪਨਾ
ਕੀਤੀ ਗਈ।ਕਾਲਜ਼ ਦਾ ਨੀਂਹ ਪੱਥਰ ੧੨ ਮਾਰਚ ੨੦੦੦ ਈਸਵੀ ਨੂੰ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਬਾਣੀ ਅਤੇ ਬਾਣੇ ਦੇ ਧਾਰਨੀ ਪੰਜ ਪਿਆਰਿਆਂ ਦੇ ਰੂਪ ਵਿੱਚ ਆਪਣੇ ਕਰ ਕਮਲਾਂ ਨਾਲ ਰੱਖਿਆ।ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਵਲੋਂ ੧੬ ਮਹੀਨੇ ਦੇ ਰਿਕਾਰਡ ਸਮੇਂ
ਵਿੱਚ ਹੀ ਕਾਲਜ਼ ਦੀ ੪੦,੦੦੦ ਸੁਕੇਅਰ ਫੁੱਟ ਦੋ ਮੰੰਜਲੀ ਇਮਾਰਤ ਬਣਾ ਦਿੱਤੀ ਗਈ।ਫਿਰ ਕਾਲਜ਼ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰਵਾ ਕੇ ੨ ਜੁਲਾਈ ੨੦੦੧ ਤੋਂ ਵਿੱਦਿਅਕ ਕਲਾਸਾਂ ਦਾ ਅਰੰਭ ਕਰ ਦਿੱਤਾ ਗਿਆ।ਪਹਿਲੇ ਸਾਲ ੩੧੨
ਲੜਕੀਆਂ ਨੂੰ ਕਾਲਜ਼ ਵਿੱਚ ਦਾਖਲਾ ਦਿੱਤਾ ਗਿਆ ਸੀ, ਅੱਜ ੨੦੦੦ ਲੜਕੀਆਂ ਆਪਣੇ ਸੁਨਹਿਰੀ ਭਵਿੱਖ ਨੂੰ ਸਵਾਰਨ ਲਈ ਕਾਲਜ਼ ਤੋਂ ਵਿੱਦਿਆ ਪ੍ਰਾਪਤ ਕਰ ਰਹੀਆਂ ਹਨ।ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਾਲਜ਼ ਵਿੱਚ ਫੁੱਟਬਾਲ, ਹੈਂਡਬਾਲ, ਖੋ-ਖੋ, ਬੈਡਮਿੰਟਨ ਤੇ ਅਥਲੈਟਿਕਸ
ਦਾ ਵਿਸ਼ੇਸ਼ ਪ੍ਰਬੰਧ ਹੈ।ਕਾਲਜ਼ ਦੀ ਫੁੱਟਬਾਲ ਟੀਮ ਦਾ ਯੂਨੀਵਰਸਿਟੀ ਇੰਟਰ ਕਾਲਜ਼ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਨਾ ਇਸ ਕਾਲਜ਼ ਦੀ ਪ੍ਰਮੁੱਖ ਪ੍ਰਾਪਤੀ ਹੈ।ਇਸ ਕਾਲਜ਼ ਵਿੱਚ ਜਿੱਥੇ ਹੋਮ ਸਾਇੰਸ, ਮੈਥੇਮੈਟਿਕਸ, ਇਕਨਾਮਿਕਸ, ਫਿਜੀਕਲ ਐਜੂਕੇਸ਼ਨ ਆਦਿ ਵਿਸ਼ੇ ਸ਼ੁਰੂ ਕੀਤੇ ਹਨ,
ਉੱਥੇ ਲੜਕੀਆਂ ਨੂੰ ਆਧੁਨਿਕ ਯੁੱਗ ਦੇ ਹਾਣੀ ਬਣਾਉਣ ਲਈ ਕੰਪਿਊਟਰ ਸਿੱਖਿਆ ਦੀ ਡਿਗਰੀ "ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ" ਵੀ ਸ਼ੁਰੂ ਕੀਤੀ ਗਈ ਹੈ।ਕਾਲਜ਼ ਦਾ ਸਮੁੱਚਾ ਸਟਾਫ ਪੰਜਾਬ ਯੂਨੀਵਰਸਿਟੀ ਤੋਂ ਵਿਦਵਾਨਾਂ ਦੀ ਟੀਮ ਨੇ ਨਿਰੋਲ ਮੈਰਿਟ ਦੇ ਆਧਾਰ ਤੇ ਚੁਣਿਆ ਹੋਇਆ ਹੈ।
ਕਾਲਜ਼ ਦੀ ਪ੍ਰਬੰਧਕੀ ਕਮੇਟੀ ਅਤੇ ਮਿਹਨਤੀ ਸਟਾਫ ਦੇ ਆਪਸੀ ਤਾਲਮੇਲ ਸਦਕਾ ਕਾਲਜ਼ ਦੇ ਹਰ ਵਿਸ਼ੇ ਵਿੱਚ ੮੫% ਤੋਂ ਲੈ ਕੇ ੧੦੦ % ਤੱਕ ਨਤੀਜੇ ਆ ਰਹੇ ਹਨ।ਲੜਕੀਆਂ ਨੂੰ ਘਰਾਂ ਤੋਂ ਕਾਲਜ ਤੱਕ ਲਿਆਉਣ ਲਈ ਕਮੇਟੀ ਵਲੋਂ ੧੦ ਬੱਸਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।ਕਮੇਟੀ ਵਲੋਂ
ਮਿਹਨਤੀ ਅਤੇ ਲੋੜਵੰਦ ਲੜਕੀਆਂ ਨੂੰ ਵਿੱਤੀ ਸਹਾਇਤਾ,ਵਜੀਫੇ ਦੀ ਸਹੂਲਤ ਅਤੇ ਫੀਸਾਂ ਵਿੱਚ ਰਿਆਇਤ ਵੀ ਦਿੱਤੀ ਜਾਂਦੀ ਹੈ।ਹੁਣ ਤੱਕ ਕਾਲਜ਼ ਦੀਆਂ ਤਿੰਨ ਮੰਜ਼ਿਲਾਂ (੬੦,੦੦੦ ਸੁਕੇਅਰ ਫੁੱਟ) ਇਮਾਰਤ ਬਣਾ ਕੇ ਤਿਆਰ ਹੋ ਚੁੱਕੀ ਹੈ, ਜਦੋਂ ਕਿ ਲੜਕੀਆਂ ਲਈ ਸ੍ਰੀ ਗੁਰੂ ਹਰਿਰਾਇ ਸਾਹਿਬ
ਸੀਨੀਅਰ ਸੈਕੰਡਰੀ ਸਕੂਲ, ਲਾਇਬਰੇਰੀ, ਹੋਸਟਲ ਅਤੇ ਕਾਲਜ ਦੀ ਕੰਟੀ ਦੀ ਉਸਾਰੀ ਚਲ ਰਹੀ ਹੈ।ਕਾਲਜ਼ ਦੀ ਲਾਇਫ ਮੈਂਬਰਸ਼ਿਪ ੫੧੦੦੦ ਰੁਪਏ ਹੈ, ਜਦੋਂ ਕਿ ਕਾਲਜ਼ ਲਈ ਕਮਰਾ ਬਣਾਉਣ ਲਈ ੧ ਲੱਖ ੫੩ ਹਜ਼ਾਰ ਰੁਪਏ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਤਿੰਨ ਲਾਈਫ ਮੈਬਰਸ਼ਿਪਾਂ
ਦਿੱਤੀਆਂ ਜਾਂਦੀਆਂ ਹਨ।ਇਸ ਸੰਸਥਾ ਦਾ ਮੰਤਵ ਧਨ ਕਮਾਉਣਾ ਨਹੀ ਸਗੋਂ ਸਮਾਜ ਦੀ ਸੇਵਾ ਕਰਦਿਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾ ਕੇ ਉਨ੍ਹਾਂ ਅੰਦਰਲੇ ਗੁਣਾਂ ਨੂੰ ਉਭਾਰਨਾ ਅਤੇ ਸਮੇਂ ਦੇ ਹਾਣੀ ਬਨਾਉਣਾ ਹੈ।ਕੇਵਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੀ ਨਹੀ ਸਗੋਂ ਸਮੁੱਚੇ ਪੰਜਾਬ ਵਿੱਚ
ਲੜਕੀਆਂ ਨੂੰ ਸਿੱਖਿਆ ਦਿਵਾਉਣ ਵਾਲੇ ਕਾਲਜ਼ਾਂ ਦੀ ਕਤਾਰ ਵਿੱਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ਼ ਫਾਰ ਵੂਮੈਨ ਥੋੜੇ ਜਿਹੇ ਸਾਲਾਂ ਦੇ ਸਫਰ ਦੌਰਾਨ ਸਭ ਤੋਂ ਅਗਾਂਹ ਨਿਕਲ ਗਿਆ ਹੈ।ਸਾਡੀ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਇਹ ਕਾਲਜ਼ ਵਿੱਦਿਆ ਦੀ ਮਹਿਕ ਵਿਖੇਰਦਾ ਦਿਨ ਦੁਗਣੀ ਅਤੇ
ਰਾਤ ਚੌਗਣੀ ਤਰੱਕੀ ਕਰਦਾ ਹੋਇਆ ਬਲੰਦੀ ਦੀਆਂ ਨਵੀਆਂ ਮੰਜਿਲਾਂ ਨੂੰ ਫਤਹਿ ਕਰੇ।
ਨੋਟ:- ਜਿਨ੍ਹਾਂ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਨੇ ਕਾਲਜ ਨੂੰ ਬਣਾਉਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਦਿਆ ਤਨ-ਮਨ-ਧਨ ਨਾਲ ਸੇਵਾ ਕੀਤੀ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਸ੍ਰੀ ਗੁਰੂ ਹਰਿਰਾਇ ਸਾਹਿਬ ਕਾਲਜ ਕਮੇਟੀ ਵਲੋਂ ਉਨ੍ਹਾਂ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅਤੇ
ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੀ ਆਸ ਰੱਖਦੇ ਹਾਂ।