ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਉਹ ਪਾਵਨ ਸਥਾਨ ਹੈ ਜਿਸ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ।ਦੁਆਬੇ ਦੀ ਬੁੱਕਲ ਵਿੱਚ ਘੁੱਗ ਵਸਦੇ ਸ਼ਹਿਰ ਹੁਸ਼ਿਆਰਪੁਰ ਤੋਂ ਦੋ ਮੀਲ ਦੱਖਣ ਪੂਰਬ ਵਿੱਚ ਵਸਿਆ ਨਗਰ ਬਜਵਾੜਾ ਆਪਣੇ ਅੰਦਰ ਸਿੱਖ ਇਤਿਹਾਸ ਦੇ ਅਹਿਮ ਪੰਨੇ ਸਮੋਈ ਬੈਠਾ ਹੈ।ਇੱਥੇ ਹੀ ਮਾਤਾ ਸੁੰਦਰ ਕੌਰ ਜੀ ਦਾ ਜਨਮ ਆਪਣੇ ਨਾਨਕੇ ਘਰ ਮਾਤਾ ਸ਼ਿਵ ਦੇਈ ਦੀ ਕੁਖੋਂ ਹੋਇਆ ਸੀ।ਮਾਤਾ ਸੁੰਦਰ ਕੌਰ ਜੀ ਦਾ ਵਿਆਹ ੭ ਵਿਸਾਖ ੧੭੪੧ ਬਿਕਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਸੀ।ਆਪ ਜੀ ਦੀ ਕੁੱਖੋਂ ੭ ਜਨਵਰੀ ੧੬੮੭ ਈਸਵੀ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਜਨਮ ਲਿਆ।ਮਾਤਾ ਸੁੰਦਰ ਕੌਰ ਜੀ ਦੀ ਖਾਲਸਾ ਪੰਥ ਨੂੰ ਬਹੁਤ ਵੱਡੀ ਦੇਣ ਹੈ।ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਤਾਂ ਮਾਤਾ ਸੁੰਦਰ ਕੌਰ ਜੀ ਦਾ ਹੀ ਖਾਲਸਾ ਪੰਥ ਉੱਤੇ ਹੋਕਮ ਚਲਦਾ ਰਿਹਾ ਸੀ। ਖਾਲਸਾ ਪੰਥ ਨੇ ਮਾਤਾ ਸੁੰਦਰ ਕੌਰ ਜੀ ਦੇ ਹਰ ਫੈਸਲੇ ਉੱਤੇ ਫੁੱਲ ਚੜਾਉਂਦਿਆ ਉਸ ਨੂੰ ਪ੍ਰਵਾਨ ਕੀਤਾ ਸੀ।ਇਸ ਪ੍ਰਕਾਰ ਇਹ ਸਥਾਨ ਸਿੱਖ ਇਤਿਹਾਸ ਵਿੱਚ ਭਾਰੀ ਮਹੱਤਤਾ ਰੱਖਦਾ ਹੈ।ਪਰ ਇਹ ਸਥਾਨ ਬਹੁਤਾ ਲੰਮਾਂ ਸਮਾਂ ਅਣਗੌਲਿਆ ਹੀ ਰਿਹਾ।ਇਸ ਸਥਾਨ ਦੀ ਸੇਵਾ ਸੰਭਾਲ ਮਾਤਾ ਸੁੰਦਰ ਕੌਰ ਜੀ ਦੇ ਨਾਨਕੇ ਪਰਿਵਾਰ ਵਿੱਚੋਂ ਇੱਕ ਬਿਰਧ ਮਾਤਾ ਭਗਤਣੀ ਜੀ ਮੁਰਗਾਈ ਕਰਿਆ ਕਰਦੀ ਸੀ।ਮਾਤਾ ਭਗਤਣੀ ਜ ੀ ਜੋ ਇਸ ਸਥਾਨ ਦੀ ਆਖਰੀ ਸੇਵਾਦਾਰ ਸੀ ਨੇ ੧੯੬੦ ਈਸਵੀ ਵਿੱਚ ਲਗਭਗ ੧੨੫ ਸਾਲ ਦੀ ਉਮਰ ਦੌਰਾਨ ਇਸ ਸਥਾਨ ਦੀ ਸੇਵਾ ਸੰਭਾਲ ਅਤੇ ਜ਼ਹੀਨ ਜਾਇਦਾਦ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਜਥੇਬੰਦੀ ਨੂੰ ਸੌਂਪ ਕੇ ਲੋਹ ਲੰਗਰ ਦੇ ਨਾਮ ਕਰਵਾ ਦਿੱਤੀ।ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਜਥੇਦਾਰ ਸੰਤ ਬਾਬਾ ਹਰਭਜਨ ਸਿੰਘ ਜੀ ਨੇ ਕਾਰ ਸੇਵਾ ਅਰੰਭ ਕੀਤੀ ਸੀ।ਇਸ ਸਮੇਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਉਸਾਰਨ ਦੀ ਕਾਰ ਸੇਵਾ ਮੌਜੂਦਾ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਅਰੰਭ ਕਰਨ ਲਈ ਨਵਾਂ ਨਕਸ਼ਾ ਬਣਾਇਆ ਗਿਆ ਹੈ ਅਤੇ ਬਹੁਤ ਹੀ ਜਲਦੀ ਇਸ ਅਸਥਾਨ ਦੀ ਕਾਰ ਸੇਵਾ ਆਰੰਭ ਕੀਤੀ ਜਾਵੇਗੀ।ਗੁਰਦੁਆਰਾ ਸਾਹਿਬ ਵਿਖੇ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਸਾਲਾਨਾ ਜੋੜ ਮੇਲੇ ਵਜੋਂ ਭਾਰੀ ਸ਼ਰਧਾ ਅਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ।ਹਰ ਸਾਲ ਸਾਲਾਨਾ ਜੋੜ ਮੇਲੇ ਦੌਰਾਨ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਸਾਰਾ ਪ੍ਰਬੰਧ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਵਲੋਂ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।