ਗੁਰਦੁਆਰਾ ਸਾਹਿਬ ਦੀ ਜਾਣਕਾਰੀ
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਚੰਡੀਗੜ-ਰੋਪੜ ਮਾਰਗ ਉੱਪਰ ਪਿੰਡ ਸੋਲਖੀਆਂ ਦੀ ਜੂਹ ਅੰਦਰ ਸਥਿਤ ਹੈ।ਇਹ ਪਵਿੱਤਰ ਅਸਥਾਨ ਗੁਰਬਾਣੀ ਦੀਆਂ ਪਾਵਨ ਪੰਕਤੀਆਂ "ਜਉ ਤਉ ਪ੍ਰੇਮ ਖੇਲਣ ਕਾ ਚਾਉ,ਸਿਰ ਧਰਿ ਤਲੀ ਗਲੀ ਮੇਰੀ ਆਉ।ਇਤ ਮਾਰਗ ਪੈਰ ਧਰੀਜੈ,ਸਿਰ ਦੀਜੈ ਕਾਣ ਨਾ ਕੀਜੈ।" ਨੂੰ ਸੱਚ ਕਰ ਮੁਗਲ ਹਕੂਮਤ ਨਾਲ ਜੂਝਦੇ ਹੋਏ ਆਪਣਾ ਸੀਸ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕਰਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸਿੱਖ ਪੰਥ ਦੇ ਮਹਾਨ ਜਨਰੈਲ,ਪਹੂ ਵਿੰਡ ਦੇ ਜੰਮਪਲ,ਸਿਰਲੱਥ ਯੋਧੇ,ਮਿਸਲ ਸ਼ਹੀਦਾਂ ਦੇ ਮੁਖੀ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪਹਿਲੇ ਜੱਥੇਦਾਰ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ।ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੱਖ ਪੰਥ ਦੇ ਉਹ ਮਹਾਨ ਸੂਰਮੇ ਅਤੇ ਵਿਦਵਾਨ ਸਨ ਜਿਨ੍ਹਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕਰਕੇ ਆਪਣਾ ਸਾਰਾ ਜੀਵਨ ਖਾਲਸਾ ਪੰਥ ਦੀ ਸੇਵਾ ਵਿੱਚ ਲਾ ਦਿੱਤਾ।ਉਨ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਗਲ ਸ਼ਾਸ਼ਕਾਂ ਦਾ ਖਾਤਮਾ ਕਰਨ ਦਾ ਪ੍ਰਣ ਕੀਤਾ ਅਤੇ ਮੈਦਾਨੇ ਜੰਗ ਵਿਚ ਸੀਸ ਹਥੇਲੀ ਤੇ ਟਿਕਾ ਕੇ ਵੈਰੀਆਂ ਨੂੰ ਖੰਡੇ ਦੇ ਐਸੇ ਜੌਹਰ ਵਿਖਾਏ ਕੇ ਮੁਗਲ ਹਕੂਮਤ ਨੂੰ ਭਾਜੜਾਂ ਪੈ ਗਈਆਂ।ਆਪ ਜੀ ਨੇ ਜਿੱਥੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਹੱਥੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਵਿੱਤਰ ਸਰੂਪ ਲਿਖ ਕੇ ਚੌਂਹਾਂ ਪਾਵਨ ਤਖਤ ਸਾਹਿਬਾਨ ਤੇ ਪ੍ਰਕਾਸ਼ ਕਰਵਾਏ,ਉੱਥੇ ਖਾਲਸਾ ਪੰਥ ਵਲੋਂ ਅਨੇਕਾਂ ਜੰਗਾਂ ਵਿੱਚ ਸ਼ਾਮਿਲ ਹੋ ਕੇ ਸਮੇਂ ਦੀਆਂ ਹਕੂਮਤਾਂ ਨੂੰ ਸਬਕ ਸਿਖਾਇਆ।ਸਿੱਖ ਇਤਿਹਾਸ ਗੁਰੂ ਸਾਹਿਬਾਨ ਅਤੇ ਸੂਰਬੀਰ ਯੋਧਿਆਂ ਦੀਆਂ ਸ਼ਹਾਦਤਾਂ ਨਾਲ ਭਰਿਆ ਪਇਆ ਹੈ,ਜਦੋ ਸੂਬਾ ਸਰਹਿੰਦ ਨਵਾਬ ਵਜੀਰ ਖਾਂ ਨੇ ਛੋਟ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਉਪਰੰਤ ਸਿੱਖਾਂ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਸਿੱਖ ਪੰਥ ਦਾ ਜਰਨੈਲ ਥਾਪ ਕੇ ਦੁਸ਼ਟਾਂ ਨੂੰ ਸੋਧਣ ਲਈ ਪੰਜਾਬ ਵੱਲ ਭੇਜਿਆ।ਗੁਰੂ ਸਾਹਿਬ ਦਾ ਹੁਕਮ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਸਿੱਖ ਪੰਥ ਦਾ ਜਰਨੈਲ ਥਾਪ ਕੇ ਦੁਸ਼ਟਾਂ ਨੂੰ ਸੋਧਣ ਲਈ ਪੰਜਾਬ ਵੱਲ ਭੇਜਿਆ।ਗੁਰੂ ਸਾਹਿਬ ਦਾ ਹੁਕਮ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ੧੨ ਮਈ ੧੭੧੦ ਈਸਵੀ ਨੂੰ ਸੂਬਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਸ ਯੁੱਧ ਵਿੱਚ ਨਵਾਬ ਵਜ਼ੀਰ ਖਾਂ ਮਾਰਿਆ ਗਿਆ ਅਤੇ ਸਿੰਘਾਂ ਨੇ ਸਰਹਿੰਦ ਦੇ ਕਿਲੇ ਉੱਤੇ ਮੁਗਲਈ ਝੰਡੇ ਦੀ ਥਾਂ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ।ਸਰਹਿੰਦ ਫਤਿਹ ਕਰਨ ਉਪਰੰਤ ਇਹ ਸਿੱਖ ਯੋਧੇ ਪੰਜਾਬ ਵਿੱਚੋਂ ਜ਼ੁਲਮ ਦਾ ਖਾਤਮਾ ਕਰਨ ਲਈ ਬਨੂੜ ਵੱਲ ਚੱਲ ਪਏ ਤਾਂ ੧੨ ਕੋਹ ਦੀ ਵਿੱਥ 'ਤੇ ਚੱਪੜ ਚਿੜੀ ਦੇ ਖੁੱਲੇ ਮੈਦਾਨ ਵਿੱਚ ਜਰਨੈਲ ਬੰਦਾ ਸਿੰਘ ਬਹਾਦਰ ਦਾ ਟਾਕਰਾ ਮੁਗਲ ਸ਼ਾਹੀ ਫੌਜ ਨਾਲ ਹੋ ਗਿਆ।ਇਸ ਯੁੱਧ ਵਿੱਚ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਨੇ ਵੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਸਿੰਘਾਂ ਸਮੇਤ ਸ਼ਮੂਲੀਅਤ ਕੀਤੀ।ਦੋਹਾਂ ਫੌਜਾਂ ਵਿੱਚ ਘਮਸਾਨ ਦਾ ਯੁੱਧ ਹੋਇਆ ਸਿੰਘਾਂ ਨੇ ਵੈਰੀਆਂ ਦੇ ਐਸੇ ਦੰਦ ਖੱਟੇ ਕੀਤੇ ਕਿ ਮੁਗਲ ਫੌਜਾਂਮ ਮੈਦਾਨ ਛੱਡ ਕੇ ਭੱਜ ਗਈਆਂ ਤੇ ਜਿੱਤ ਨੇ ਖਾਲਸੇ ਦੇ ਪੈਰ ਚੁੰਮੇ।ਚੱਪੜ ਚਿੜੀ ਦੇ ਯੁੱਧ ਵਿੱਚ ਫਤਿਹ ਹਾਸਿਲ ਕਰਨ ਉਪਰੰਤ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਨੇ ਤਖਤ ਸ਼੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਨੂੰ ਜਾਣ ਸਮੇਂ ਆਪਣੇ ਜੁਝਾਰੂ ਸਿੰਘਾਂ ਸਮੇਤ ਗੁਰਦੁਆਰਾ ਸਾਹਿਬ ਵਾਲੇ ਸਥਾਨ ਤੇ ਆਪਣੇ ਚਰਨ ਪਾਏ ਅਤੇ ਇੱਕ ਰਾਤ ਇੱਥੇ ਰੁਕ ਕੇ ਵਿਸ਼ਰਾਮ ਕੀਤਾ।ਇਸ ਸਥਾਨ ਨੂੰ ਬਾਬਾ ਥਾਨ ਸਿੰਘ 'ਸੰਤ ਸੁਰਕੀ ਸੇਵਕ' ਜੀ ਦੀ ਪ੍ਰੇਰਣਾ ਨਾਲ ਬਾਬਾ ਨਰੰਜਣ ਸਿੰਘ ਜੀ ਨੇ ਸਿੱਖ ਜਗਤ ਵਿੱਚ ਪ੍ਰਗਟ ਕੀਤਾ।ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਸੰਤ ਬਾਬਾ ਥਾਨ ਸਿੰਘ ਜੀ ਅਤੇ ਬਾਬਾ ਨਰੰਜਣ ਸਿੰਘ ਜੀ ਨੇ ੨੦ ਨਵੰਬਰ ੧੯੬੮ ਈਸਵੀ ਨੂੰ ਰੱਖਿਆ।ਬਾਬਾ ਜੀ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਇਸ ਅਸਥਾਨ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਬਾਬਾ ਸਰੂਪ ਸਿੰਘ ਜੀ ਦੇ ਹੱਥਾਂ ਵਿੱਚ ਆ ਗਈ।ਕੁਝ ਸਮੇਂ ਬਾਅਦ ਹੀ ਬਾਬਾ ਸਰੂਪ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਨੂੰ ਸੌਂਪ ਦਿੱਤੀ।ਉਸ ਸਮੇਂ ਤੋਂ ਹੀ ਇਹ ਰਮਣੀਕ ਅਸਥਾਨ ਸੰਗਤਾਂ ਵਿੱਚ ਆਪਣੀ ਨਿਵੇਕਲੀ ਜਗ੍ਹਾ ਬਣਾ ਚੁੱਕਾ ਹੈ।ਗੁਰਦੁਆਰਾ ਸਾਹਿਬ ਅੰਦਰ ਚਲਾਏ ਜਾ ਰਹੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਗੁਰਮਤਿਵਿਦਿਆਲੇ ਵਿੱਚ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ,ਦਸਮ ਗ੍ਰੰਥ,ਹੋਰ ਧਾਰਮਿਕ ਗ੍ਰੰਥਾਂ ਅਤੇ ਸੰਗੀਤ ਦੀ ਸਿੱਖਿਆ ਦਿੱਤੀ ਜਾ ਰਹੀ ਹੈ।ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ੧੦ ਫਰਵਰੀ ਨੂੰ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਲਾਨਾ ਸਮਾਗਮ ਵਜੋ ਮਨਾਇਆ ਜਾਂਦਾ ਹੈ।ਇੱਥੇ ਹਰ ਧਾਰਮਿਕ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੇ ਅੱਠੇ ਪਹਿਰ ਚਲਦੇ ਨਿਰਵਿਘਨ ਪ੍ਰਵਾਹ ਅਕਾਸ਼ ਵਿੱਚ ਰੂਹਾਨੀ ਮਹਿਕ ਬਿਖੇਰਦੇ ਸੰਗਤਾਂ ਨੂੰ ਅਧਿਆਤਮਕ ਸ਼ਾਤੀ ਪ੍ਰਦਾਨ ਕਰਦੇ ਹਨ।
ਸੰਪਰਕ
ਹੋਰ ਗੁਰਦੁਆਰਾ ਸਾਹਿਬ
ਗੁਰਦੁਆਰਾ ਅਜੀਤਗੜ੍ਹ ਸਾਹਿਬ
ਗੁਰਦੁਆਰਾ ਅਜੀਤਗੜ੍ਹ ਸਾਹਿਬ, ਆਨੰਦਪੁਰ ਸਾਹਿਬ
ਗੁਰਦੁਆਰਾ ਚੁਖੰਡਗੜ੍ਹ ਸਾਹਿਬ
ਗੁਰਦੁਆਰਾ ਚੁਖੰਡਗੜ੍ਹ ਸਾਹਿਬ, ਪਿੰਡ ਬਜਰਾਵਰ
© 2024 Copyright Harian Belan , Inc. All Rights Reserved


Developed by GS Solutions