ਗੁਰਦੁਆਰਾ ਚੁਖੰਡਗੜ੍ਹ ਸਾਹਿਬ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ।ਇਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਇਸ ਇਲਾਕੇ ਦੇ ਰੰਗੜਾਂ ਅਤੇ ਗੁਜਰਾਂ ਦਾ ਸਫਾਇਆ ਕਰਨ ਲਈ ਜਾਣ ਸਮੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਸ ਸਥਾਨ ਤੇ ਕੁਝ ਸਮਾਂ ਵਿਸ਼ਰਾਮ ਕਰਨ ਲਈ ਰੁਕੇ ਸਨ।ਉਸ ਸਮੇਂ ਇਹ ਸਮੁੱਚਾ ਇਲਾਕਾ ਰੰਗੜਾਂ ਅਤੇ ਗੁਜਰਾਂ ਦੀ ਦਹਿਸ਼ਤ ਹੇਠ ਸੀ।ਉਹ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਲੁੱਟਦੇ ਅਤੇ ਕਤਲ ਕਰ ਦਿੰਦੇ ਸਨ।ਸਮੇਂ ਦੀਆਂ ਹਕੂਮਤਾਂ ਇਨ੍ਹਾਂ ਨੂੰ ਦੱਬਣ ਵਿੱਚ ਅਸੱਮਰਥ ਹੋ ਚੁੱਕੀਆਂ ਸਨ।ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਖਾਲਸਾ ਪੰਥ ਦੀ ਸਿਰਜਨਾ ਕੀਤੀ ਤਾਂ ਕੁਝ ਸਮੇਂ ਬਾਅਦ ਸਿਆਲਕੋਟ ਦੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੀ।ਜਦੋਂ ਸੰਗਤ ਇਸ ਇਲਾਕੇ ਵਿੱਚੋਂ ਲੰਘਣ ਲੱਗੀ ਤਾਂ ਬਜਰਾਵਰ ਦੇ ਰੰਗੜਾਂ ਨੇ ਉਨ੍ਹਾਂ ਨੂੰ ਲੁੱਟ ਲਿਆ।ਸਿੱਖ ਸ਼ਰਧਾਲੂ ਜੋ ਕਾਰ ਭੇਟਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਨ ਲਈ ਲਿਜਾ ਰਹੇ ਸਨ,ਉਹ ਸਾਰੀਆਂ ਖੋਹ ਲਈਆਂ।ਸਿਆਲਕੋਟ ਦੀ ਸੰਗਤ ਦੁਖੀ ਹਿਰਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਅਤੇ ਸਾਰਾ ਬ੍ਰਿਤਾਂਤ ਗੁਰੂ ਸਾਹਿਬ ਨੂੰ ਜਾ ਕੇ ਦੱਸਿਆ।ਗੁਰੂ ਸਾਹਿਬ ਨੇ ਇਨ੍ਹਾਂ ਰੰਗੜਾਂ ਨੂੰ ਸਬਕ ਸਿਖਾਉਣ ਲਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ੧੮ ਮਾਰਚ ੧੭੦੧ ਈਸਵੀ ਵਿੱਚ ਚੋਣਵੇਂ ਸਿੰਘਾਂ ਦੇ ਜੱਥੇ ਸਮੇਤ ਬਜਰਾਵਰ ਵੱਲ ਭੇਜਿਆ। ਬਜਰਾਵਰ ਦੇ ਨੇੜੇ ਸਿੰਘਾਂ ਅਤੇ ਰੰਗੜਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ।ਇਸ ਯੁੱਧ ਵਿੱਚ ਸਿੰਘਾਂ ਨੇ ਰੰਗੜਾਂ ਅਤੇ ਗੁਜਰਾਂ ਦਾ ਸਫਾਇਆ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਇਸ ਪ੍ਰਕਾਰ ਗੁਰਦਾਆਰਾ ਚੁਖੰਡਗੜ੍ਹ ਸਾਹਿਬ,ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਛੋਹ ਪ੍ਰਾਪਤ ਹੋਣ ਕਰਕੇ ਇਤਿਹਾਸ ਵਿੱਚ ਅਹਿਮ ਸਥਾਨ ਰੱਖਦਾ ਹੈ।ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਵਲੋਂ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਉਸਾਰੀ ਗਈ ਹੈ।ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਸਾਲਾਨਾ ਜੋੜ ਮੇਲੇ ਵਜੋਂ ਭਾਰੀ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ।ਦੂਰੋਂ ਨੇੜਿਓ ਸ਼ਰਧਾਲੂ ਸੰਗਤਾਂ ਇਸ ਗੁਰਧਾਮ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਪਹੁੰਚਦੀਆਂ ਹਨ।ਇਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਚੈਰੀਟੇਬਲ ਹਸਪਤਾਲ ਦੀ ਉਸਾਰੀ ਵੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ,ਜੋ ਜਲਦੀ ਹੀ ਮੁਕੰਮਲ ਕਰਕੇ ਸੰਗਤਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤਾ ਜਾਵੇਗ।ਗੁਰੂ ਘਰ ਦੇ ਸੇਵਾਦਾਰ ਸ੍ਰੀਮਾਨ ਸ.ਕਰਮ ਸਿੰਘ ਜੀ ਦੇ ਸਪੁੱਤਰ ਸ਼੍ਰੀਮਾਨ ਸ. ਦਲਜੀਤ ਸਿੰਘ ਜੀ ਨਾਰਵੇ (ਵਾਸੀ ਪਿੰਡ ਬਜਰਾਵਰ) ਨੇ ਹਸਪਤਾਲ ਬਣਾਉਣ ਲਈ ਪੰਜ ਏਕੜ ਜ਼ਮੀਨ ਖਰੀਦ ਕੇ ਗੁਰੂ ਘਰ ਨੂੰ ਭੇਂਟ ਕੀਤੀ ਅਤੇ ਹਸਪਤਾਲ ਦੀ ਉਸਾਰੀ ਲਈ ਭਾਰੀ ਮਾਤਰਾ ਵਿੱਚ ਵਿੱਤੀ ਸਹਾਇਤਾ ਦਿੱਤੀ ਇਸ ਸਮੇਂ ਵੀ ਇਹ ਪ੍ਰਵਾਰ ਤਨ-ਮਨ-ਧਨ ਨਾਲ ਗੁਰੂ ਘਰ ਦੀ ਸੇਵਾ ਕਰ ਰਹੇ ਹਨ।