ਪੰਜਾਬ ਦੇ ਪਵਿੱਤਰ ਇਤਿਹਾਸਿਕ ਅਸਥਾਨਾਂ ਵਿੱਚੋਂ ਇੱਕ ਗੁਰਦੁਆਰਾ ਨਾਨਕਸਰ ਸਾਹਿਬ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਦੀ ਹਿੱਕ 'ਤੇ ਤਿੰਨ ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਮਾਣ ਬਖਸ਼ਿਆ।ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਹਕੀਮਪੁਰ (ਜਿਲ੍ਹਾ ਨਵਾਂ ਸ਼ਹਿਰ) ਦੇ ਬਾਹਰਵਾਰ ਬੰਗਾਂ ਤੋਂ ਫਿਲੌਰ ਅਤੇ ਫਗਵਾੜਾ ਤੋਂ ਮੁਕੰਦਪੁਰ ਨੂੰ ਜਾਣ ਵਾਲੀਆਂ ਸੜਕਾਂ ਦੇ ਵਿਚਕਾਰ ਸਥਿਤ ਹੈ।ਗੁਰਦੁਆਰਾ ਸਾਹਿਬ ਦੀ ਚਿੱਟੇ ਦੁੱਧ ਵਾਂਗ ਚਮਕ ਰਹੀ ਇਮਾਰਤ ਦੂਰੋਂ ਹੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਦੀ ਹੈ।ਗੁਰਦੁਆਰਾ ਸਾਹਿਬ ਦੇ ਅੱਗੇ ਝੁਲ ਰਿਹਾ ੧੩੧ ਫੁੱਟ ਅਕਾਸ਼ ਛੂੰਹਦਾ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਪਵਿੱਤਰ ਨਾਨਕਸਰ ਸਰੋਵਰ ਦੀ ਦੂਣੀ ਸ਼ਾਨ ਵਧਾਉਂਦਾ ਹੈ।ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੁਆਰਾ ਰਚਿਤ 'ਮਹਾਨ ਕੋਸ਼' ਅਤੇ ਪੁਰਾਤਨ ਤੇ ਨਵੀਨਤਮ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਅਨੁਸਾਰ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ,ਪਾਤਸ਼ਾਹੀ ਸੱਤਵੀਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਸ ਅਸਥਾਨ 'ਤੇ ਆਉਣ ਦਾ ਜਿਕਰ ਆਉਦਾ ਹੈ।ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਚੌਥੀ ਉਦਾਸੀ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ਅਨੇਕਾਂ ਸਥਾਨਾਂ ਤੋਂ ਹੁੰਦੇ ਹੋਏ ੧੩ ਸਤੰਬਰ ੧੫੧੪ ਈਸਵੀ ਨੂੰ ਇੱਥੇ ਨਾਨਕਸਰ ਸਰੋਵਰ ਵਾਲੇ ਸਥਾਨ 'ਤੇ ਪਹੁੰਚੇ ਸਨ।ਇੱਥੇ ਗੁਰੂ ਜੀ ਨੇ ਭਾਈ ਨਿਹਾਲੇ ਦੇ ਘਰੋਂ ਪ੍ਰੀਖਿਆ ਵਜੋਂ ਤਿੰਨ ਦਿਨ ਲੰਗਰ ਛਕਿਆ।ਇਸ ਸਮੇਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਗੁਰੂ ਸਾਹਿਬ ਦੇ ਨਾਲ ਸਨ।ਗੁਰੂ ਜੀ ਇੱਥੇ ਠਹਿਰਨ ਸਮੇਂ ਤਿੰਨ ਦਿਨ ਨਾਨਕਸਰ ਸਰੋਵਰ ਵਿੱਚ ਇਸ਼ਨਾਨ ਕਰਿਆ ਕਰਦੇ ਸਨ।ਸ੍ਰੀ ਗੁਰੂ ਹਰਿਰਾਇ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ੨੦ ਅਕਤੂਬਰ ੧੬੫੬ ਈਸਵੀ ਨੂੰ ਆਪਣੇ ਮਹਿਲਾਂ ਅਤੇ ੨੨੦੦ ਸਿੱਖ ਘੋੜ ਸਵਾਰ ਯੋਧਿਆਂ ਸਮੇਤ ਇੱਥੇ ਆਏ ਸਨ।ਆਪ ਜੀ ਨੇ ਇੱਥੇ ੧੧ ਮਹੀਨੇ ੧੯ ਦਿਨ ਰਹਿ ਕੇ ਰੱਬੀ ਗੁਰਬਾਣੀ ਦੇ ਪ੍ਰਵਾਹ ਚਲਾਏ।ਇਸੇ ਤਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਤੋਂ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ੧੫ ਜੂਨ ੧੬੬੫ ਈਸਵੀ ਨੂੰ ਇੱਥੇ ਚਰਨ ਪਾਏ। ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਸ ਅਸਥਾਨ ਦੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ।ਪਵਿੱਤਰ ਸਰੋਵਰ ਨਾਨਕਸਰ ਸਾਹਿਬ ਸੰਬੰਧੀ ਸੰਗਤਾਂ ਵਿੱਚ ਧਾਰਨਾ ਹੈ ਕਿ ਸੱਚੇ ਮਨ ਨਾਲ ਇਸ ਵਿੱਚ ਇਸ਼ਨਾਨ ਕਰਨ ਵਾਲੇ ਹਰ ਪ੍ਰਾਣੀ ਦੇ ਦੁੱਖ ਦੂਰ ਹੁੰਦੇ ਹਨ। ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਨਾਨਕਸਰ ਸਾਹਿਬ ਦੇ ਦਰਸ਼ਨਾਂ ਨੂੰ ਆਉਦੀਆਂ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ।ਪੁਰਾਣੇ ਸਮਿਆਂ ਦੌਰਾਨ ਗੁਰਦੁਆਰਾ ਵਾਲੇ ਸਥਾਨ 'ਤੇ ਇੱਕ ਛੋਟਾ ਜਿਹਾ ਗੁਰਦੁਆਰਾ ਹੋਇਆ ਕਰਦਾ ਸੀ, ਜਿਸ ਦੀ ਸੰਭਾਲ ਮਹੰਤ ਕਰਿਆ ਕਰਦੇ ਸਨ।ਗੁਰਦੁਆਰਾ ਸਾਹਿਬ ਵਿੱਚ ਮਹੰਤਾਂ ਵਲੋਂ ਸ਼ਰਾਬ ਦੀ ਭੱਠੀ ਲਗਾ ਕੇ ਸ਼ਰਾਬ ਕੱਢੀ ਜਾਂਦੀ ਅਤੇ ਸਰੋਵਰ ਵਿੱਚ ਕੂੜਾ ਕਰਕਟ ਸੁੱਟ ਕੇ ਗੁਰੂ ਘਰ ਦੀ ਘੋਰ ਬੇਅਦਬੀ ਕੀਤੀ ਜਾਂਦੀ ਸੀ।ਨਗਰ ਨਿਵਾਸੀ ਅਤੇ ਇਲਾਕੇ ਦੀਆ ਸੰਗਤਾਂ ਨੇ ਗੁਰੂ ਘਰ ਵੱਲ ਹੋ ਰਹੀ ਘੋਰ ਬੇਅਦਬੀ ਸਬੰਧੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਪਾਸ ਬੇਨਤੀ ਕੀਤੀ।ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਵੇਖਦੇ ਹੋਏ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਨੇ ੧੦ ਸਤੰਬਰ ੧੯੭੪ ਈਸਵੀ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਥੇਬੰਦੀ ਅਧੀਨ ਲੈ ਲਿਆ।ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਨੇ ਥੋੜੇ ਸਮੇਂ ਵਿੱਚ ਹੀ ਗੁਰਦੁਆਰਾ ਸਾਹਿਬ ਦੀ ੨੪ ਗੁੰਬਦਾਂ ਵਾਲੀ ਚਿੱਟੀ ਦੁੱਧ ਵਰਗੀ ਆਲੀਸ਼ਾਨ ਇਮਾਰਤ ਤਿਆਰ ਕਰਵਾ ਦਿੱਤੀ।ਹਰ ਸੰਗਰਾਂਦ ਅਤੇ ਪੁੰਨਿਆਂ ਤੇ ਗੁਰਦੁਆਰਾ ਸਾਹਿਬ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ।ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ,ਸ੍ਰੀ ਗੁਰੂ ਗੋਬਿੰਦ ਜੀ ਦਾ ਅਵਤਾਰ ਪੁਰਬ ਅਤੇ ਰੱਖੜ ਪੁੰਨਿਆਂ ਤੋਂ ਅਗਲੀ ਪੁੰਨਿਆਂ ਸਲਾਨਾ ਜੋੜ ਮੇਲੇ ਵਜੋਂ ਮਨਾਈ ਜਾਂਦੀ ਹੈ।ਇੱਥੇ ਹਰ ਧਾਰਮਿਕ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।