ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਜੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਬਲਾਕ ਔੜ ਤੋਂ ਲਗਭਗ ੧੫ ਕਿਲੋਮੀਟਰ ਦੂਰ ਪਿੰਡ ਮਾਲੋਮਾਜਰਾ ਦੀ ਜੂਹ ਅੰਦਰ ਨਹਿਰ ਦੇ ਕੰਢੇ 'ਤੇ ਸੁਸ਼ੋਭਿਤ ਹੈ।ਇਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਸੂਰਵੀਰ ਯੋਧੇ ਸ਼ਹੀਦ ਬਾਬਾ ਸਲਵਾਣਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ।ਬਾਬਾ ਸਲਵਾਣਾ ਜੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸੂਰਵੀਰ ਯੋਧੇ ਜਰਨੈਲ ਸਨ,ਜਿਨ੍ਹਾਂ ਗੁਰੂ ਸਾਹਿਬ ਨਾਲ ਕਈ ਜੰਗਾਂ-ਯੁੱਧਾਂ ਵਿੱਚ ਭਾਗ ਲਿਆ ਸੀ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਚੌਥੀ ਜੰਗ ਵਿੱਚ ਮੁਗਲ ਜਰਨੈਲ ਪੈਂਦੇ ਖਾਨ ਦਾ ਉਧਾਰ ਕਰਕੇ ਯੁੱਧ ਫਤਿਹ ਕਰਨ ਉਪਰੰਤ ਜੂਨ ੧੬੩੪ ਈਸਵੀ ਵਿੱਚ ਸਿੰਘਾਂ ਸਮੇਤ ਕੀਰਤਪੁਰ ਸਾਹਿਬ ਨੂੰ ਚੱਲ ਪਏ।ਗੁਰੂ ਜੀ ਜਦੋਂ ਗੁਰਦੁਆਰਾ ਸੁਖਚੈਨਆਣਾ ਸਾਹਿਬ (ਫਗਵਾੜਾ) ਤੋਂ ਹੁੰਦੇ ਹੋਏ ਗੁਰਦੁਆਰਾ ਪੰਜ ਤੀਰਥ ਦੇ ਅਸਥਾਨ ਤੇ ਪੁੱਜੇ ਤਾਂ ਅਚਾਨਕ ਗੁਰਸਿੱਖ ਯੋਧੇ ਬਾਬਾ ਸਲਵਾਣਾ ਜੀ ਦੀ ਸਿਹਤ ਬਹੁਤ ਖਰਾਬ ਹੋ ਗਈ।ਬਾਬਾ ਸਲਵਾਣਾ ਜੀ ਕਰਤਾਰਪੁਰ ਦੀ ਜੰਗ ਦੌਰਾਨ ਵੈਰੀਆਂ ਨਾਲ ਮੈਦਾਨੇ-ਏ-ਜੰਗ ਵਿੱਚ ਜੂਝਦੇ ਹੋਏ ਗੰਭੀਰ ਜ਼ਖਮੀ ਹੋ ਗਏ ਸਨ।ਬਾਬਾ ਜੀ ਦਾ ਸਿੰਘਾਂ ਦੇ ਦਲ ਨਾਲ ਅੱਗੇ ਚਲਣਾਂ ਮੁਸ਼ਕਿਲ ਹੋ ਗਿਆ।ਜਦੋਂ ਗੁਰੂ ਸਾਹਿਬ ਨੰੂੰ ਬਾਬਾ ਸਲਵਾਣਾ ਜੀ ਦੀ ਸਿਹਤ ਬਾਰੇ ਪਤਾ ਚੱਲਿਆ ਤਾਂ ਉਹ ਦਲ ਨੂੰ ਰੋਕ ਕੇ ਬਾਬਾ ਜੀ ਪਾਸ ਗਏ।ਗੁਰੂ ਸਾਹਿਬ ਨੇ ਬਾਬਾ ਸਲਵਾਣਾ ਜੀ ਨੂੰ ਆਪਣੀ ਗੋਦੀ ਵਿੱਚ ਲੈ ਲਿਆ,ਪਰ ਬਾਬਾ ਸਲਵਾਣਾ ਜੀ ਜ਼ਖਮਾਂ ਦੀ ਪੀੜ ਨਾ ਸਹਾਰਦੇ ਹੋਏ ਗੁਰੂ ਸਾਹਿਬ ਦੇ ਹੱਥਾਂ ਵਿੱਚ ਹੀ ਸਰੀਰ ਤਿਆਗ ਗਏ।ਗੁਰੂ ਸਾਹਿਬ ਨੇ ਆਪਣੇ ਹੱਥੀਂ ਬਾਬਾ ਸਲਵਾਣਾ ਜੀ ਦਾ ਉਸ ਸਥਾਨ ਤੇ ਅੰਤਿਮ ਸੰਸਕਾਰ ਕੀਤਾ,ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਦੀ ਸੁੰਦਰ ਇਮਾਰਤ ਸੁਸ਼ੋਭਿਤ ਹੈ।ਇਸ ਗੁਰਦੁਆਰਾ ਸਾਹਿਬ ਪ੍ਰਤੀ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਅਥਾਹ ਸ਼ਰਧਾ ਹੈ।ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਨੇ ੧੯੭੫ ਈਸਵੀ ਵਿੱਚ ਰੱਖਿਆ ਸੀ। ਗੁਰਦੁਆਰਾ ਸਾਹਿਬ ਦੇ ਅੱਗੇ ਝੂਲ ਰਿਹਾ ੧੦੧ ਫੁੱਟ ਉੱਚਾ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਦੂਰੋਂ ਹੀ ਸੰਗਤਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ।ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਵਲੋਂ ਬਹੁਤ ਹੀ ਸੁਚੱਜੇ ਅਤੇ ਸ਼ਲਾਘਾਯੋਗ ਢੰਗ ਨਾਲ ਚਲਾਇਆ ਜਾ ਰਿਹਾ ਹੈ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਜਥੇਬੰਦੀ ਵਲੋਂ ਹਰ ਸਾਲ ਸਾਲਾਨਾ ਜੋੜ ਮੇਲੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਕੀਰਤਨ ਦੀਵਾਨ ਸਜਾਏ ਜਾਂਦੇ ਹਨ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ,ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵਲੋਂ ਘੋੜ ਦੌੜ ਅਤੇ ਗੱਤਕੇਬਾਜ਼ੀ ਦੇ ਜੌਹਰ ਵਿਖਾਏ ਜਾਂਦੇ ਹਨ।ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਜੱਥੇਬੰਦੀ ਵਲੋਂ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹ,ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਚਰਨਾਂ ਨਾਲ ਜੁੜਦੀਆਂ ਹਨ।