ਗੁਰਦੁਆਰਾ ਸਾਹਿਬ ਦੀ ਜਾਣਕਾਰੀ
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ
ਗੁਰਦੁਆਰਾ ਦਰਬਾਰ ਸ੍ਰੀ ਪਾਉਂਟਾ ਸਾਹਿਬ,ਸਾਹਿਬ-ਏੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀਂ ਵਸਾਏ ਹੋਏ ਇੱਕੋ ਇੱਕ ਸ਼ਹਿਰ ਪਾਉਂਟਾ ਸਾਹਿਬ ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਅੰਦਰ ਸਥਿਤ ਹੈ।ਇਸ ਅਸਥਾਨ 'ਤੇ ਗੁਰੂ ਸਾਹਿਬ ਨੇ ਬਾਈਧਾਰ ਦੇ ਰਾਜਿਆਂ ਨਾਲ ਪਹਿਲਾ ਧਰਮ ਯੁੱਧ ਭੰਗਾਣੀ ਦੇ ਮੈਦਾਨ ਵਿੱਚ ਲੜਿਆ ਅਤੇ ਫਤਹਿ ਹਾਸਲ ਕੀਤੀ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਸ ਅਸਥਾਨ 'ਤੇ ਹੀ ਹੋਇਆ ਸੀ।ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਨ ਰਿਆਸਤ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ 'ਤੇ ਇੱਥੇ ਆਏ ਸਨ ਕਿਉਂਕਿ ਬਾਈਧਾਰ ਦੇ ਰਾਜੇ ਇੱਕ ਸਾਜਿਸ਼ ਤਹਿਤ ਨਾਹਨ ਰਿਆਸਤ 'ਤੇ ਕਬਜ਼ਾ ਕਰਨਾ ਚਹੁੰਦੇ ਸਨ।ਗੁਰੂ ਸਾਹਿਬ ਦਾ ਜ਼ੁਲਮ ਦੇ ਖਿਲਾਫ ਇਹ ਪਹਿਲਾ ਧਰਮ ਯੁੱਧ ਸੀ,ਜੋ ਉਨ੍ਹਾਂ ੧੬ ਵੈਸਾਖ ਸੰਮਤ ੧੭੪੬ ਈਸਵੀ ਨੂੰ ਭੰਗਾਣੀ ਦੇ ਮੈਦਾਨ ਵਿੱਚ ਬਾਈਧਾਰ ਦੇ ਰਾਜਿਆਂ ਖਿਲਾਫ ਲੜਿਆ। ਇਸ ਯੁੱਧ ਵਿੱਚ ਸਿੱਖ ਯੋਧਿਆਂ ਨੇ ਪਹਾੜੀ ਰਾਜਿਆਂ ਦੀ ੨੦ ਹਜ਼ਾਰ ਤੋਂ ਵੀ ਜ਼ਿਆਦਾ ਫੌਜ਼ ਨੂੰ ਲੱਕ ਤੋੜਵੀਂ ਹਾਰ ਦਿੱਤੀ।ਗੁਰਦੁਆਰਾ ਦਰਬਾਰ ਪਾਉਂਟਾ ਸਾਹਿਬ ਵਿਖੇ ਹੀ ਗੁਰੂ ਸਾਹਿਬ ਨੇ ਭੰਗਾਣੀ ਦੇ ਯੁੱਧ ਵਿੱਚ ਮੁਗਲ ਹਕੂਮਤ ਦੇ ਜ਼ੁਲਮ ਖਿਲਾਫ ਦੋ ਪੁੱਤਰ ਅਤੇ ਅਨੇਕਾਂ ਮੁਰੀਦਾਂ ਵਾਰਨ ਵਾਲੇ ਗੁਰੂ ਘਰ ਦੇ ਪ੍ਰੇਮੀ ਪੀਰ ਬੁੱਧੂ ਸ਼ਾਹ ਦੀ ਪ੍ਰਸੰਸਾ ਕਰਦਿਆਂ ਇੱਕ ਹੁਕਮਨਾਮਾਂ, ਸਿਰੋਪਾ ਅਤੇ ਆਪਣੇ ਕੇਸਾਂ ਸਮੇਤ ਕੰਘਾ ਨਿਸ਼ਾਨੀ ਵਜੋਂ ਬਖਸ਼ਿਸ਼ ਕੀਤਾ ਸੀ।ਗੁਰੂ ਸਾਹਿਬ ਨੇ ਇੱਥੇ ਜਮਨਾ ਦੇ ਕਿਨਾਰੇ ਬੈਠ ਕੇ ਬਹੁਤ ਸਾਰੀ ਗੁਰਬਾਣੀ ਜਾਪ ਸਾਹਿਬ,ਸਵੱਯੈ ਪਾਤਸ਼ਾਹੀ ਦਸਵੀਂ,ਚੰਡੀ ਦੀ ਵਾਰ ਸਮੇਤ ਬਚਿਤ੍ਰ ਨਾਟਕ ਦੇ ਬਹੁਤ ਸਾਰੇ ਹਿੱਸੇ ਦੀ ਰਚਨਾ ਵੀ ਕੀਤੀ।ਗੁਰੂ ਸਾਹਿਬ ਇੱਥੇ ਜਮਨਾ ਦੇ ਕਿਨਾਰੇ ਹਰ ਪੂਰਨਮਾਸ਼ੀ ਦੀ ਰਾਤ ਨੂੰ ਕਵੀ ਦਰਬਾਰ ਸਜਾਇਆ ਕਰਦੇ ਸਨ,ਜਿਸ ਵਿੱਚ ੫੨ ਕਵੀ ਆਪਣੀਆਂ ਕਵਿਤਾਵਾਂ ਪੇਸ਼ ਕਰਦੇ ਸਨ।ਇੱਥੇ ਹੀ ਗੁਰੂ ਜੀ ਨੇ ਚੰਦਨ ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ੬੫ ਹਜ਼ਾਰ ਮੋਹਰਾਂ ਉਸ ਨੂੰ ਇਨਾਮ ਵਜੋਂ ਦਿੱਤੀਆਂ।ਗੁਰੂ ਘਰ ਵਿੱਚ ਕਵੀ ਦਰਬਾਰ ਸਜਾਉਣ ਦੀ ਮਰਿਯਾਦਾ ਸ੍ਰੀ ਪਾਉਟਾ ਸਾਹਿਬ ਤੋਂ ਹੀ ਆਰੰਭ ਹੋਈ ਸੀ।ਇੱਥੇ ਹੀ ਗੁਰੂ ਸਾਹਿਬ ਨੇ ਕਵੀਆਂ ਦੀ ਬੇਨਤੀ 'ਤੇ ਜਮਨਾ ਦਰਿਆ ਨੂੰ ਬਿਨ੍ਹਾਂ ਸ਼ੋਰ ਵਹਿਣ ਲਈ ਸੰਬੋਧਿਤ ਕੀਤਾ ਸੀ,ਜੋ ਅੱਜ ਵੀ ਗੁਰੂ ਸਾਹਿਬ ਦਾ ਹੁਕਮ ਮੰਨਦੀ ਚਲੀ ਆ ਰਹੀ ਹੈ।ਜਦੋਂ ਗੁਰੂ ਸਾਹਿਬ ਵਾਪਿਸ ਅਨੰਦਪੁਰ ਸਾਹਿਬ ਜਾਣ ਲੱਗੇ ਤਾਂ ਇਸ ਅਸਥਾਨ ਦੀ ਸੇਵਾ ਸੰਭਾਲ ਭਾਈ ਬਿਸ਼ਨ ਸਿੰਘ ਜੀ ਨੂੰ ਸੌਂਪ ਦਿੱਤੀ ਗਈ।ਜਦੋਂ ਪੰਜਾਬ ਸੂਬੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਆਇਆ ਤਾਂ ਸਰਦਾਰ ਸਾਹਿਬ ਸਿੰਘ ਸੰਧਾਵਾਲੀਆ ਨੇ ਬਾਬਾ ਕਪੂਰ ਸਿੰਘ ਨੂੰ ਆਰਥਿਕ ਸਹਾਇਤਾ ਦੇ ਕੇ ਇਸ ਪਾਵਨ ਅਸਥਾਨ 'ਤੇ ਨਵੀਂ ਇਮਾਰਤ ਦੀ ਉਸਾਰੀ ਕਰਵਾਈ।ਫਿਰ ਇਨ੍ਹਾਂ ਗੁਰਧਾਮਾਂ ਦੀ ਸੇਵਾ ਮਹੰਤਾਂ ਦੇ ਹੱਥ ਆ ਗਈ,ਜੋ ਨਾ ਤਾਂ ਸਿੱਖੀ ਦੇ ਮੂਲ ਸਿਧਾਤਾਂ ਤੋਂ ਜਾਣੂ ਸਨ ਅਤੇ ਨਾ ਹੀ ਉਹ ਸ਼ਰਧਾਲੂਆਂ ਲਈ ਕੋਈ ਆਦਰਸ਼ ਬਣ ਸਕਦੇ ਸਨ।ਕੁਝ ਸਮੇਂ ਬਾਅਦ ਗੁਰਧਾਮਾਂ 'ਤੇ ਕਾਬਜ਼ ਬਹੁਤੇ ਮਹੰਤ ਤੇ ਪੁਜਾਰੀ ਉਨ੍ਹਾਂ ਸਾਰੀਆਂ ਧਾਰਮਿਕ ਕੁਰੀਤੀਆਂ ਦੇ ਧਾਰਨੀ ਹੋ ਗਏ,ਜਿਨ੍ਹਾਂ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ।ਉਨੀਵੀਂ ਸਦੀ ਦੇ ਅਖੀਰ ਵਿੱਚ ਸਿੱਖਾਂ ਅੰਦਰ ਜਾਗ੍ਰਤੀ ਆਉਣੀ ਸ਼ੁਰੂ ਹੋ ਗਈ।ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾ ਕੇ ਅਨੇਕਾਂ ਗੁਰਧਾਮਾਂ ਬਾਬੇ ਦੀ ਬੇਰ,ਪੰਜਾ ਸਾਹਿਬ,ਸ੍ਰੀ ਨਨਕਾਣਾ ਸਾਹਿਬ,ਸ੍ਰੀ ਦਰਬਾਰ ਸਾਹਿਬ,ਤਖਤ ਸ੍ਰੀ ਕੇਸਗੜ੍ਹ ਸਾਹਿਬ,ਗੁਰਦੁਆਰਾ ਗੰਗਸਰ ਸਾਹਿਬ ਨੂੰ ਪੰਥ ਦੇ ਪ੍ਰਬੰਧ ਹੇਠ ਲੈ ਲਿਆ।ਗੁਰਦੁਆਰਾ ਦਰਬਾਰ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾ ਦੇ ਕਬਜ਼ੇ ਵਿੱਚੋਂ ਛਡਾਉਣ ਲਈ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਦਾ ਅਹਿਮ ਯੋਗਦਾਨ ਹੈ।ਇਸ ਗੁਰਧਾਮ ਨੂੰ ਮਹੰਤ ਗੁਰਦਿਆਲ ਸਿੰਘ ਪਾਸੋਂ ਅਜ਼ਾਦ ਕਰਾਉਣ ਲਈ ਜਥੇਬੰਦੀ ਦੇ ੧੧ ਸਿੰਘਾਂ ਨੇ ਜੱਥੇਦਾਰ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਹੇਠ ਸ਼ਹੀਦੀਆਂ ਪ੍ਰਾਪਤ ਕੀਤੀਆਂ।ਸਮੇਂ ਦੀ ਹਕੂਮਤ ਅਤੇ ਮਹੰਤਾਂ ਦੀ ਆਪਸੀ ਮਿਲੀ ਭੁਗਤ ਕਾਰਨ ਸ਼ਹੀਦੀ ਸਾਕੇ ਜਥੇਬੰਦੀ ਦਾ ਜਾਨੀ ਅਤੇ ਮਾਲੀ ਭਾਰੀ ਨੁਕਸਾਨ ਹੋਇਆ।ਇਸ ਸ਼ਹੀਦੀ ਸਾਕੇ ਦੌਰਾਨ ਮੌਜੂਦਾ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਗੰਭੀਰ ਜਖਮੀ ਹੋ ਗਏ ਸਨ।ਪ੍ਰਤੂੰ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਉਹ ਅੱਜ ਵੀ ਚੜ੍ਹਦੀ ਕਲਾ ਵਿੱਚ ਪੰਥ ਦੀ ਸੇਵਾ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੇ ਬਾਹਰ ਝੁਲ ਰਿਹਾ ਨੀਲਾ ਨਿਸ਼ਾਨ ਸਾਹਿਬ ਸ਼ਹੀਦ ਸਿੰਘਾਂ ਦੀ ਯਾਦ ਦਿਵਾਉੁਂਦਾ ਹੈ,ਜਿਸ ਦੇ ਹੇਠਾਂ ੧੧ ਸ਼ਹੀਦ ਸਿੰਘਾਂ ਦੇ ਨਾਮ ਅਕਿੰਤ ਕੀਤੇ ਗਏ ਹਨ।ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਸੌਂਪਣ ਲਈ ਜਥੇਬੰਦੀ ਦੀ ਬਹੁਤ ਵੱਡੀ ਕੁਰਬਾਨੀ ਹੈ।ਮੌਜੂਦਾ ਸਮੇਂ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ੧੧ ਮੈਂਬਰੀ ਕਮੇਟੀ ਚਲਾ ਰਹੀ ਹੈ,ਜਿਸ ਵਿੱਚ ੨ ਮੈਂਬਰ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਜਥੇਬੰਦੀ ਦੇ ਹੁੰਦੇ ਹਨ।ਗੁਰਦੁਆਰਾ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਗੁਰਪੁਰਬ,ਸਿੱਖ ਤਿਉਹਾਰ,ਹੋਲਾ ਮਹੱਲਾ ਅਤੇ ੨੨ ਮਈ ਦਾ ਸ਼ਹੀਦੀ ਸਾਕਾ ਸਾਲਾਨਾ ਜੋੜ ਮੇਲੇ ਵਜੋਂ ਮਨਾਏ ਜਾਂਦੇ ਹਨ।ਸਾਰਾ ਸਾਲ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸੈਲਾਨੀ ਭਾਰੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ।ਇੱਥੇ ਧਾਰਮਿਕ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।
ਸੰਪਰਕ
ਹੋਰ ਗੁਰਦੁਆਰਾ ਸਾਹਿਬ
ਗੁਰਦੁਆਰਾ ਗੁਪਤਸਰ ਸਾਹਿਬ
ਗੁਰਦੁਆਰਾ ਗੁਪਤਸਰ ਸਾਹਿਬ, ਪਿੰਡ ਭੁੰਗਰਨੀ
© 2024 Copyright Harian Belan , Inc. All Rights Reserved


Developed by GS Solutions