ਸਹਿਬ-ਏ-ਕਮਾਲ ਕਲਗੀਧਰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਗੁਪਤਸਰ ਸਾਹਿਬ ਇਤਿਹਾਸਕ ਸ਼ਹਿਰ ਪਾaਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਪਿੰਡ ਭੁੰਗਰਨੀ ਜਿਲ੍ਹਾ ਸਿਰਮੌਰ ਦੀ ਜੂਹ ਅੰਦਰ ਸ਼ਸੋਭਿਤ ਹੈ।ਇਸ ਅਸਥਾਨ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਸਮੇਂ ਆਪਣੇ ਚੌਣਵੇਂ ਜਰਨੈਲਾਂ ਸਮੇਤ ਆਏ ਸਨ।ਇਤਿਹਾਸ ਗਵਾਹ ਹੈ ਕਿ ਬਾਈਧਾਰ ਦੇ ਪਹਾੜੀ ਰਾਜੇ ਮੁਗਲ ਸ਼ਾਸ਼ਕ ਔਰੰਗਜੇਬ ਦੀ ਸ਼ਹਿ ਤੇ ਜਦੋਂ ਗੁਰੂ ਘਰ 'ਤੇ ਚੜਾਈ ਕਰਕੇ ਆ ਗਏ ਤਾਂ ਗੁਰੂ ਸਾਹਿਬ ਨੇ ਇਨ੍ਹਾਂ ਪਹਾੜੀ ਰਾਜਿਆਂ ਨਾਲ ਨਜਿੱਠਣ ਲਈ ਭੰਗਾਣੀ ਸਾਹਿਬ ਦੇ ਮੈਦਾਨ ਨੂੰ ਚੁਣਿਆਂ।ਸੂਰਜ ਦੀਆਂ ਕਿਰਨਾਂ ਨਿਕਲਣ ਨਾਲ ਇਸ ਮੈਦਾਨ ਤੇ ਯੁੱਧ ਸ਼ੁਰੂ ਹੋ ਜਾਂਦਾ ਅਤੇ ਸੂਰਜ ਅਸਥ ਹੋਣ ਨਾਲ ਯੁੱਧ ਬੰਦ ਹੋ ਜਾਂਦਾ।ਸ਼ਾਮ ਸਮੇਂ ਯੁੱਧ ਰੁਕ ਜਾਣ ਮਗਰੋਂ ਗੁਰੂ ਜੀ ਆਪਣੇ ਕੁਝ ਚੋਣਵੇਂ ਜਰਨੈਲਾਂ ਸਮੇਤ ਵਾਪਿਸ ਪਾਉਂਟਾ ਸਾਹਿਬ ਆ ਜਾਂਦੇ।ਗੁਰਦੁਆਰਾ ਗੁਪਤਸਰ ਸਾਹਿਬ ਦਾ ਅਸਥਾਨ ਗੁਰਦਾਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਭੰਗਾਣੀ ਸਾਹਿਬ ਦੇ ਰਸਤੇ ਤੋਂ ਥੋੜਾ ਹੱਟ ਕੇ ਸੱਜੇ ਪਾਸੇ ਵੱਲ ਸਥਿਤ ਹੈ।ਇਸ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਜੁਝਾਰੂ ਜਰਨੈਲਾਂ ਨਾਲ ਬਾਈਦਰ ਦੇ ਰਾਜਿਆਂ ਅਤੇ ਮੁਗਲ ਫੌਜ਼ਾਂ ਨਾਲ ਯੁੱਧ ਕਰਨ ਸਬੰਧੀ ਗੁਪਤ (ਅਹਿਮ) ਵਿਚਾਰਾਂ ਕੀਤੀਆਂ ਸਨ।ਜਿਸ ਕਰਕੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਗੁਪਤਸਰ ਸਾਹਿਬ ਪੈ ਗਿਆ।ਇੱਥੇ ਪਹਿਲਾਂ ਇੱਕ ਥੜਾ ਹੋਇਆ ਕਰਦਾ ਸੀ,ਜਿੱਥੇ ਇਲਾਕੇ ਦੀਆਂ ਸੰਗਤਾਂ ਦਿਨ ਤਿਉਹਾਰ ਤੇ ਇਕੱਠੀਆਂ ਹੋਇਆ ਕਰਦੀਆਂ ਸਨ।ਇਹ ਗੁਰਧਾਮ ਗੁਰੂ ਘਰ ਦੇ ਸੇਵਾਦਾਰ ਬਾਬਾ ਅਜੀਤ ਸਿੰਘ ਨਿਹੰਗ ਸਿੰਘ ਦੀ ਨਿੱਜੀ ਜ਼ਾਇਦਾਦ ਵਿੱਚ ਸੀ।ਗੁਰਦੁਆਰਾ ਗੁਪਤਸਰ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਬਾਬਾ ਅਜੀਤ ਸਿੰਘ ਜੀ (ਨਿਹੰਗ ਸਿੰਘ) ਨੇ ੧੯੮੦ ਈਸਵੀ ਵਿੱਚ ਇਸ ਅਸਥਾਨ ਦੀ ਸੇਵਾ ਸੰਭਾਲ ੧੦ ਏਕੜ ਜ਼ਮੀਨ ਮਲਕੀਅਤ ਸਮੇਤ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਾਲਿਆਂ ਨੂੰ ਸੌਂਪ ਦਿੱਤੀ।ਇਸ ਸਥਾਨ ਨੂੰ ਰਮਣੀਕ ਬਣਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਆਉਣ ਵਾਲੀਅ ਸੰਗਤਾਂ ਦੀ ਸਹੂਲਤ ਲਈ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲੇ ਕੀਤੇ ਗਏ।ਸਭ ਤੋਂ ਪਹਿਲਾਂ ਇੱਥੇ ਪਾਣੀ ਦੀ ਘਾਟ ਨੂੰ ਵੇਖਦਿਆਂ ਬਾਬਾ ਜੀ ਨੇ ਪਥਰੀਲੀ ਜਮੀਨ ਵਿੱਚ ਬਿਜਲੀ ਟਿਊਵੈੱਲ ਲਗਾਇਆ ਗਿਆ ਤਾਂ ਜੋ ਲੋਕਾਂ ਨੂੰ ਪੀਣ ਵਾਸਤੇ ਸਾਫ ਸੁਥਰਾ ਪਾਣੀ ਮਿਲਣ ਦੇ ਨਾਲ ਨਾਲ ਇਲਾਕੇ ਦੀ ਬੰਜਰ ਹੁੰਦੀ ਹਾ ਰਹੀ ਜਮੀਨ ਨੂੰ ਵੀ ਉਪਜਾਊ ਬਣਾਇਆ ਜਾ ਸਕੇ।ਗੁਰਦੁਆਰਾ ਸਾਹਿਬ ਵਿਖੇ ਉਸਾਰੇ ਤਬੇਲੇ ਵਿੱਚ ਰੱਖੇ ਗਏ ਵਧੀਆ ਨਸਲ ਦੇ ਦਰਸ਼ਨੀ ਘੋੜੇ ਅਤੇ ਗੁਰੂ ਘਰ ਦੀ ਜਮੀਨ ਵਿੱਚ ਲਗਾਏ ਗਏ ਅੰਬਾਂ ਦੇ ਬਾਗ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਿੰਦੂ ਹਨ।ਇਸ ਅਸਥਾਨ ਦੀ ਮਹੱਤਤਾ ਅਤੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਬਾਬਾ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇੱਥੇ ੫੨ ਫੁੱਟ ਦੀ ਬਹੁਤ ਹੀ ਆਲੀਸ਼ਾਨ ਅਤੇ ਸੁੰਦਰ ਇਮਾਰਤ ਤਿਆਰ ਕਰਵਾਈ ਗਈ ਹੈ ਜਿਸ ਦੀ ਕਾਰ ਸੇਵਾ ਅਜੇ ਵੀ ਚੱਲ ਰਹੀ ਹੈ।ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਅਜ਼ਾਦ ਕਰਵਾਉਣ ਲਈ ੨੨ ਮਈ ੧੯੬੪ ਨੂੰ ਵਾਪਰੇ ਸ਼ਹੀਦੀ ਸਾਕੇ ਦੀ ਯਾਦ ਵਿੱਚ ਹਰ ਸਾਲ ੧੮ ਤੋਂ ੨੦ ਮਈ ਨੂੰ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਜਿਸ ਵਿੱਚ ਭਾਰੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ, ਵਿਦਵਾਨ ਅਤੇ ਪੰਥ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਚੇਚੇ ਤੌਰ ਤੇਬ ਪਹੁੰਚਦੀਆਂ ਹਨ।ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।