ਗੁਰਦੁਆਰਾ ਸਾਹਿਬ ਦੀ ਜਾਣਕਾਰੀ
ਗੁਰਦੁਆਰਾ ਸ਼ਹੀਦ ਸਿੰਘਾਂ
ਗੁਰਦੁਆਰਾ ਸ਼ਹੀਦ ਸਿੰਘਾਂ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਤੋਂ ਇੱਕ ਫਰਲਾਂਗ ਉੱਤਰ ਵੱਲ ਪਿੰਡ ਬੋਹਣ (ਹੁਸ਼ਿਆਰਪੁਰ) ਦੀ ਜੂਹ ਵਿੱਚ ਸੁਸ਼ੋਭਿਤ ਹੈ।ਇਸ ਸਥਾਨ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬੱਸੀ ਕਲਾਂ (ਹੁਸ਼ਿਆਰਪੁਰ) ਦੇ ਹਾਕਮ ਜਾਬਰ ਖਾਂ ਪਠਾਣ ਵਿਚਕਾਰ ਹੋਏ ਯੁੱਧ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਜ਼ਾਬਰ ਖਾਂ ਪਠਾਣ ਨੂੰ ਸੋਧਣ ਲਈ ਇੱਥੇ ਆਏ ਸਨ,ਕਿਉਂਕਿ ਜਾਬਰ ਖਾਂ ਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਦਹਿਸ਼ਤ ਮਚਾਈ ਹੋਈ ਸੀ।ਉਹ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਲੈਂਦਾ ਅਤੇ ਗਰੀਬਾਂ ਦੀਆਂ ਬਹੂ ਬੇਟੀਆਂ ਨੂੰ ਜ਼ਬਰੀ ਚੁੱਕ ਲੈ ਜਾਂਦਾ ਸੀ।ਉਸ ਦੀਆਂ ਧੱਕੇਸ਼ਾਹੀਆਂ ਤੋਂ ਸਾਰਾ ਇਲਾਕਾ ਹੀ ਦੁੱਖੀ ਸੀ।ਇੱਕ ਵਾਰ ਜੇਜੋਂ ਸ਼ਹਿਰ (ਹੁਸ਼ਿਆਰਪੁਰ) ਦਾ ਬ੍ਰਾਹਮਣ ਦੇਵ ਦਾਸ ਵੱਡਾ ਬਜਵਾੜਾ (ਹੁਸ਼ਿਆਰਪੁਰ) ਤੋਂ ਆਪਣਾ ਡੋਲਾ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਜਾਬਰ ਖਾਂ ਪਠਾਣ ਨੇ ਇਹ ਡੋਲਾ ਲੁੱਟ ਲਿਆ ਤੇ ਉਸ ਦੀ ਪਤਨੀ ਹਰੀ ਦੇਵੀ ਨੂੰ ਜ਼ਬਰੀ ਆਪਣੇ ਮਹਿਲਾਂ ਵਿੱਚ ਲੈ ਗਿਆ।ਬ੍ਰਾਹਮਣ ਦੇਵ ਦਾਸ ਅਤੇ ਉਸ ਦਾ ਪਰਿਵਾਰ ਅਨੰਦਪੁਰ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਜਾ ਫਰਿਆਦੀ ਹੋਇਆ।ਉਸ ਨੇ ਗੁਰੂ ਜੀ ਨੂੰ ਜਾਬਰ ਖਾਂ ਪਠਾਣ ਵਲੋਂ ਭੋਲੇ-ਭਾਲੇ ਲੋਕਾਂ ਤੇ ਕੀਤੇ ਜਾਂਦੇ ਅੱਤਿਆਚਾਰਾਂ ਅਤੇ ਲੁੱਟਾਂ ਖੋਹਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਗੁਰੂ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਜ਼ਾਬਰ ਖਾਂ ਪਠਾਣ ਨੂੰ ਜਿਉਂਦਾ ਫੜ ਕੇ ਲਿਆਉਣ ਦਾ ਆਦੇਸ਼ ਦਿੱਤਾ।ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਸ਼ਤਰਧਾਰੀ ੧੦੦ ਘੋੜ ਸਵਾਰ ਯੋਧਿਆਂ ਸਮੇਤ ਸੰਨ ੧੭੦੧ ਈਸਵੀ ਵਿੱਚ ਗੁਰਦੁਆਰਾ ਹਰੀਆਂ ਵੇਲਾਂ ਵਾਲੇ ਸਥਾਨ ਤੇ ਪੁੱਜੇ।ਉਨ੍ਹਾਂ ਇੱਥੇ ਕੁਝ ਸਮਾਂ ਅਰਾਮ ਕੀਤਾ ਅਤੇ ਸਿੰਘਾਂ ਨਾਲ ਯੁੱਧ ਸਬੰਧੀ ਵਿਚਾਰਾਂ ਕੀਤੀਆਂ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਜ਼ਾਬਰ ਖਾਂ ਦੀਆਂ ਫੌਜਾਂ ਵਿਚਾਲੇ ਜ਼ਬਰਦਸਤ ਯੁੱਧ ਹੋਇਆ।ਇਸ ਯੁੱਧ ਵਿੱਚ ਸਿੰਘਾਂ ਨੇ ਪਠਾਣ ਦੇ ਸਾਰੇ ਸਾਥੀਆਂ ਨੂੰ ਮਾਰ ਮੁਕਾਇਆ ਅਤੇ ਜ਼ਾਬਰ ਖਾਂ ਨੂੰ ਜਿਉਂਦਾ ਫੜ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਲਿਜਾ ਪੇਸ਼ ਕੀਤਾ।ਬ੍ਰਾਹਮਣ ਦੇਵ ਦਾਸ ਦੀ ਪਤਨੀ ਨੂੰ ਅਜ਼ਾਦ ਕਰਵਾ ਕੇ ਉਸ ਦੇ ਸਪੁਰਦ ਕਰ ਦਿੱਤਾ।ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਮਹਾਂ ਕਵੀ ਭਾਈ ਸੰਤੋਖ ਸਿੰਘ ਅਨੁਸਾਰ," ਤੁਰਕ ਪਠਾਣ ਅਰਧ ਗਡਵਾਇਉ।ਤੀਰਨ ਸੰਘ ਤਾ ਕੋ ਮਰਵਾਇਉ॥" ਭਾਵ ਗੁਰੂ ਜੀ ਨੇ ਜਾਬਰ ਖਾਂ ਪਠਾਣ ਨੂੰ ਅੱਧਾ ਧਰਤੀ ਵਿੱਚ ਗੱਡਵਾ ਕੇ ਤੀਰਾਂ ਨਾਲ ਮਰਵਾਉਣਾ ਕੀਤਾ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਇਸ ਯੁੱਧ ਵਿੱਚ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਗੁਰਦੁਆਰਾ ਹਰੀਆਂ ਵੇਲਾਂ ਤੋਂ ਇੱਕ ਫਰਲਾਂਗ ਦੀ ਦੂਰੀ ਤੇ ਕੀਤਾ।ਪਹਿਲਾਂ ਇਸ ਅਸਥਾਨ ਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਛੋਟਾ ਜਿਹਾ ਗੁਰਦੁਆਰਾ ਹੋਇਆ ਕਰਦਾ ਸੀ।ਅੱਜ ਕੱਲ੍ਹ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਵਲੋਂ ਗੁਰਦੁਆਰਾ ਸ਼ਹੀਦ ਸਿੰਘਾਂ ਦੀ ਬਹੁਤ ਹੀ ਸੁੰਦਰ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ। ਸ਼ਹੀਦ ਸਿੰਘਾਂ ਦੀ ਯਾਦ ਵਿੱਚ ਝੂਲ ਰਿਹਾ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਦੂਰੋਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਦਾ ਹੈ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸਾਲਾਨਾ ਜੋੜ ਮੇਲੇ ਵਜੋਂ ਸ਼ਰਧਾਂ ਅਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ।
ਸੰਪਰਕ
ਹੋਰ ਗੁਰਦੁਆਰਾ ਸਾਹਿਬ
ਗੁਰਦੁਆਰਾ ਹਰੀਆਂ ਵੇਲਾਂ
ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀ, ਪਿੰਡ ਬਜਰੌਰ
ਗੁਰਦੁਆਰਾ ਟਾਹਲੀ ਸਾਹਿਬ
ਗੁਰਦੁਆਰਾ ਟਾਹਲੀ ਸਾਹਿਬ, ਪਿੰਡ ਮੂਣਕ ਕਲਾਂ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ, ਪਿੰਡ ਟੂਟੋਮਜਾਰਾ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ, ਪਿੰਡ ਕੰਗਮਾਈ
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਉੱਚੀ ਬੱਸੀ
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਚੱਕ ਸਿੰਘਾਂ
© 2024 Copyright Harian Belan , Inc. All Rights Reserved


Developed by GS Solutions