ਗੁਰਦੁਆਰਾ ਸਾਹਿਬ ਦੀ ਜਾਣਕਾਰੀ

ਗੁਰਦੁਆਰਾ ਭਾਈ ਮੰਝ ਜੀ ਸਮਾਧਾਂ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ ਉਹ ਪਵਿੱਤਰ ਅਸਥਾਨ ਹੈ ਜਿੱਥੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿਦਕਵਾਨ ਸਿੱਖ ਭਾਈ ਮੰਝ ਜੀ ਨੇ ਲੰਮਾਂ ਸਮਾਂ ਅਕਾਲ ਪੁਰਖ ਦੀ ਅਰਾਧਨਾ ਕਰਦਿਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ।ਗੁਰਦੁਆਰਾ ਭਾਈ ਮੰਝ ਜੀ ਸਮਾਧਾਂ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸੇ ਹੁਸ਼ਿਆਰਪੁਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਕੰਗਮਾਈ ਦੇ ਬਾਹਰਵਾਰ ਸਥਿੱਤ ਹੈ।ਭਾਈ ਮੰਝ ਜੀ ਅਜਿਹੇ ਗੁਰਸਿੱਖ ਸਨ ਜਿਨ੍ਹਾਂ ਸਿੱਖ ਧਰਮ ਨੂੰ ਗ੍ਰਹਿਣ ਕਰਕੇ ਆਪਣਾ ਤਨ,ਮਨ,ਧਨ ਸਭ ਆਪਣੇ ਗੁਰੂ ਤੋਂ ਨਿਸ਼ਵਾਰ ਕਰ ਦਿੱਤਾ।ਭਾਈ ਮੰਝ ਜੀ ਦਾ ਜਨਮ ੧੫ ਸਤੰਬਰ ੧੫੬੦ ਈਸਵੀ ਨੂੰ ਪਿੰਡ ਕੰਗਮਾਈ (ਹੁਸ਼ਿਆਰਪੁਰ) ਦੇ ਚੌਧਰੀ ਪਰਿਵਾਰ ਵਿੱਚ ਹੋਇਆ।ਆਪ ਜੀ ਚੰਦਰਵਾਸੀ ਰਾਜਪੂਤ ਸਨ 'ਤੇ ਆਪ ਦਾ ਅਸਲ ਨਾਂ 'ਤੀਰਥਾ' ਸੀ। ਭਾਈ ਮੰਝ ਜੀ ਸਖੀ ਸਰਵਰ ਦੇ ਅਨਿਨ ਉਪਾਸਕ ਸਨ,ਜੋ ਹਰ ਸਾਲ ਸ਼ਰਧਾਲੂਆਂ ਦੇ ਵੱਡੇ ਵੱਡੇ ਜਥੇ ਲੈ ਕੇ ਪੀਰ ਨਿਗਾਹੇ ਜਾਇਆ ਕਰਦੇ ਸਨ।ਇੱਕ ਵਾਰ ਸੰਨ ੧੫੮੫ ਈਸਵੀ ਵਿੱਚ ਆਪ ਜੀ ਜੱਥੇ ਸਮੇਤ ਪੀਰ ਨਿਗਾਹੇ ਤੋਂ ਵਾਪਿਸ ਆ ਰਹੇ ਸਨ ਕਿ ਅੰਮ੍ਰਿਤਸਰ ਵਿਖੇ ਰੁਕੇ।ਗੁਰੂ ਘਰ ਦੀ ਰਹਿਣੀ ਬਹਿਣੀ,ਸਤਿਗੁਰਾਂ ਦਾ ਉਪਦੇਸ਼ ਅਤੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਕੇ ਭਾਈ ਮੰਝ ਜੀ ਗੁਰੂ ਘਰ ਦੇ ਹੋ ਕੇ ਰਹਿ ਗਏ।ਭਾਈ ਮੰਝ ਜੀ ਨੇ ਗੁਰੂ ਅਰਜਨ ਦੇਵ ਜੀ ਪਾਸੋਂ ਗੁਰਸਿੱਖੀ ਦੀ ਦਾਤ ਮੰਗੀ।ਸਤਿਗੁਰਾਂ ਨੇ ਫੁਰਮਾਇਆ,"ਪੁਰਖਾ ਸਿੱਖੀ ਵਿੱਚ ਅਕਾਲ ਪੁਰਖ ਦੇ ਲੜ੍ਹ ਲੱਗੀ ਦਾ ਹੈ 'ਤੇ ਸੱਚ ਦੇ ਮਾਰਗ ਉੱਤੇ ਚਲਦਿਆਂ ਉਸ ਪਰਮਾਤਮਾ ਦੀ ਹੀ ਉਸਤਤ ਕਰੀ ਦੀ ਹੈ।ਪਹਿਲਾਂ ਉਨ੍ਹਾਂ ਚੀਜ਼ਾ ਦਾ ਤਿਆਗ ਕਰ ਜੋ ਸਿੱਖ ਮਤ ਦੇ ਉਲਟ ਹਨ,ਫਿਰ ਹੀ ਤੂੰ ਸਿੱਖੀ ਨਿਭਾਅ ਸਕੇਂਗਾ।" ਭਾਈ ਮੰਝ ਜੀ ਨੇ ਵਾਪਿਸ ਪਿੰਡ ਆ ਕੇ ਸਭ ਤੋਂ ਪਹਿਲਾਂ ਘਰ ਵਿੱਚ ਬਣਾਏ 'ਪੀਰਖਾਨੇ' ਨੂੰ ਢਾਹ ਦਿੱਤਾ 'ਤੇ ਸਖੀ ਸਰਵਰ ਦੀ ਪੂਜਾ ਛੱਡ ਦਿੱਤੀ।ਕੁਦਰਤ ਦਾ ਐਸਾ ਭਾਣਾ ਵਰਤਿਆ ਕਿ ਭਾਈ ਜੀ ਦੇ ਮਾਲ ਡੰਗਰ (ਬੈਲ,ਮੱਝ,ਗਾਵਾਂ ਆਦਿ) ਮਰਨੇ ਸ਼ੁਰੂ ਹੋ ਗਏ, ਪ੍ਰੰਤੂ ਫਿਰ ਵੀ ਭਾਈ ਸਾਹਿਬ ਅਕਾਲ ਪੁਰਖ ਦਾ ਭਾਣਾ ਮੰਨ ਕੇ ਮਨੁੱਖਤਾ ਦੀ ਸੇਵਾ ਵਿੱਚ ਮਗਨ ਰਹੇ।ਇੱਕ ਦਿਨ ਭਾਈ ਮੰਝ ਜੀ ਦੇ ਮਨ ਵਿੱਚ ਗੁਰੂ ਘਰ ਨਾਲ ਐਸਾ ਪਿਆਰ ਜਾਗਿਆ ਕਿ ਉਹ ਆਪਣੇ ਘਰ ਬਾਰ ਦੀ ਸੰਭਾਲ ਕਰ ਕੇ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ ਆ ਗਏ।ਇੱਥੇ ਉਨ੍ਹਾਂ ਗੁਰੂ ਘਰ ਦੇ ਲੰਗਰਾਂ ਲਈ 'ਸੁਲਤਾਨ ਵਿੰਡ' ਦੇ ਜੰਗਲਾਂ ਵਿੱਚੋਂ ਲੱਕੜੀਆਂ ਕੱਟ ਕੇ ਲਿਆਉਣ ਦੀ ਸੇਵਾ ਅਰੰਭ ਕਰ ਦਿੱਤੀ।ਇੱਕ ਦਿਨ ਭਾਈ ਮੰਝ ਜੀ ਸਿਰ 'ਤੇ ਲੱਕੜਾਂ ਚੁੱਕੀ ਜੰਗਲ ਵਿੱਚੋਂ ਵਾਪਿਸ ਗੁਰੂ ਘਰ ਨੂੰ ਆ ਰਹੇ ਸਨ ਕਿ ਜ਼ਬਰਦਸਤ ਤੂਫਾਨ 'ਤੇ ਮੀਂਹ ਆ ਗਿਆ।ਤੁਫਾਨ ਦੇ ਝੋਂਕੇ ਨਾਲ ਭਾਈ ਜੀ ਇੱਕ ਖੂਹ ਵਿੱਚ ਜਾ ਡਿੱਗੇ,ਜਿਸ ਵਿੱਚ ਪਾਣੀ ਬਹੁਤਾ ਨਹੀਂ ਸੀ।ਖੂਹ ਵਿੱਚ ਹੀ ਭਾਈ ਸਾਹਿਬ ਸਿਰ 'ਤੇ ਲੱਕੜਾਂ ਚੁੱਕੀ ਗੁਰਬਾਣੀ ਦਾ ਉੱਚੀ ਉੱਚੀ ਜਾਪ ਕਰਨ ਲੱਗੇ।ਇਥੋਂ ਗੁਜਰਦੇ ਲੋਕਾਂ ਨੂੰ ਗੁਰਬਾਣੀ ਦੇ ਜਾਪ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਵੇਖਿਆ ਕਿ ਖੂਹ ਵਿੱਚ ਭਾਈ ਮੰਝ ਜੀ ਡਿੱਗੇ ਹੋਏ ਹਨ।ਉਨ੍ਹਾਂ ਤੁਰੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਇਆ।ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਸਿੱਖਾਂ ਸਮੇਤ ਖੂਹ ਵੱਲ ਦੌੜੇ,ਜਦੋਂ ਸਿੱਖਾਂ ਨੇ ਭਾਈ ਮੰਝ ਜੀ ਨੂੰ ਖੂਹ ਵਿੱਚੋਂ ਬਾਹਰ ਕੱਢਣਾ ਚਾਹਿਆ ਤਾਂ ਭਾਈ ਸਾਹਿਬ ਨੇ ਕਿਹਾ,"ਪਹਿਲਾਂ ਲੱਕੜਾਂ ਕੱਢ ਲਓ ਕਿਤੇ ਗਿੱਲੀਆਂ ਨਾ ਹੋ ਜਾਣ।"ਭਾਈ ਮੰਝ ਦੀ ਸੇਵਾ ਭਾਵਨਾ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਉਨ੍ਹਾਂ ਭਾਈ ਸਾਹਿਬ ਨੂੰ ਛਾਤੀ ਨਾਲ ਲਾ ਲਿਆ ਅਤੇ ਕਿਹਾ,"ਮੰਝ ਪਿਆਰਾ ਗੁਰੂ ਕੋ,ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ,ਜਗ ਲੰਘਣ ਹਾਰਾ।"ਭਾਵ ਜੋ ਭਾਈ ਮੰਝ ਜੀ ਵਰਗੀ ਸੇਵਾ-ਭਾਵਨਾ, ਸਿਦਕ ਅਤੇ ਉਪਦੇਸ਼ ਕਮਾਏਗਾ ਉਹ ਇਸ ਭਵਸਾਗਰ ਤੋਂ ਪਾਰ ਹੋ ਜਾਏਗਾ।ਆਪਣੇ ਹੱਥੀਂ ਗੁਰੂ ਸਾਹਿਬ ਨੇ ਭਾਈ ਮੰਝ ਨੂੰ ਇੱਕ ਲੋਹ ਲੰਗਰ ਬਖਸ਼ਿਸ਼ ਕਰਕੇ ਪ੍ਰਮਾਣਿਤ ਪ੍ਰਚਾਰਕ ਵਜੋਂ ਦੁਆਬੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਭੇਜਿਆ।ਕੁਝ ਸਮੇਂ ਬਾਅਦ ਸੰਮਤ ੧੬੫੧ ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਕੰਗਮਾਈ ਵਿਖੇ ਪੁੱਜੇ ਤਾਂ ਭਾਈ ਮੰਝ ਜੀ ਦੀ ਸੇਵਾ ਤੋਂ ਇੰਨੇ ਪ੍ਰਸੰਨ ਹੋਏ ਕਿ ਭਾਈ ਮੰਝ ਨੂੰ ਦੁਆਬੇ ਵਿੱਚ ਸਿੱਖੀ ਦਾ ਥੰਮ ਆਖ ਕੇ ਵਡਿਆਇਆ।ਸਿੱਖ ਧਰਮ ਦਾ ਪ੍ਰਚਾਰ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦਿਆ ਭਾਈ ਮੰਝ ਜੀ ੨੨ ਅਕਤੂਬਰ ੧੬੬੫ ਈਸਵੀ ਨੂੰ ੧੦੫ ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਆਪ ਜੀ ਜਿਸ ਸਥਾਨ 'ਤੇ ਤਪੱਸਿਆ ਕਰਦੇ ਸਨ,ਉੱਥੇ ਹੀ ਆਪ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ।ਇਸ ਗੁਰਧਾਮ ਦਾ ਪ੍ਰਬੰਧ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਹੇਠ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਜਥੇਬੰਦੀ ਵਲੋਂ ਚਲਾਇਆ ਜਾ ਰਿਹਾ ਹੈ।ਅੱਜ ਕੱਲ੍ਹ ਇੱਥੇ ਭਾਈ ਮੰਝ ਜੀ ਦੀ ਯਾਦ ਵਿੱਚ ਗੁਰਦੁਆਰਾ ਭਾਈ ਮੰਝ ਜੀ ਸਮਾਧਾਂ ਦੀ ਬਹੁਤ ਹੀ ਸੁੰਦਰ ਤੇ ਮਨਮੋਹਕ ਇਮਾਰਤ ਉਸਾਰੀ ਗਈ ਹੈ।ਇਸ ਦਾ ਨੀਂਹ ਪੱਥਰ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ,ਭਾਈ ਜਗਦੀਸ਼ ਸਿੰਘ ਜੀ,ਬਾਬਾ ਅਜੀਤ ਸਿੰਘ ਜੀ,ਭਾਈ ਪ੍ਰੀਤਮ ਸਿੰਘ ਜੀ ਅਤੇ ਭਾਈ ਜੋਗਾ ਸਿੰਘ ਜੀ ਨੇ ੨੦ ਸਤੰਬਰ ੧੯੮੪ ਈਸਵੀ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਰੱਖਿਆ ਸੀ।ਗੁਰਦੁਆਰਾ ਸਾਹਿਬ ਵਿਖੇ ਵਿਸਾਖੀ,ਮਾਘੀ,ਚੇਤ ਦੀ ਸੰਗਰਾਂਦ ਅਤੇ ਭਾਈ ਮੰਝ ਜੀ ਦੀ ਬਰਸੀ ਸਲਾਨਾ ਜੋੜ ਮੇਲੇ ਵਜੋਂ ਮਨਾਈ ਜਾਂਦੀ ਹੈ ਅਤੇ ਇਸ ਮੌਕੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।

ਸੰਪਰਕ

© 2018 Copyright Harian Belan , Inc. All Rights Reserved
Developed by GS Solutions